ਚੰਡੀਗੜ੍ਹ (ਅਸ਼ਵਨੀ, ਧਵਨ) : ਕਾਂਗਰਸ ਪਾਰਟੀ ਵਲੋਂ 25 ਨਵੰਬਰ ਨੂੰ ਸੂਬੇ ਭਰ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਬਲਾਕ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸੇ ਮਹੀਨੇ ਜ਼ਿਲਾ ਹੈਡ ਕੁਆਰਟਰਾਂ ਤੇ ਮਹਿੰਗਾਈ ਨਾਲ ਜੁੜੇ ਮੁੱਦਿਆਂ, ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਕੀਤੇ ਇਨਕਾਰ ਅਤੇ ਦੇਸ਼ ਭਰ 'ਚ ਛਾਈ ਮੰਦੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਵਰਕਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਸੋਮਵਾਰ ਨੂੰ ਧਰਨੇ 'ਚ ਲੋੜੀਂਦੀ ਸ਼ਮੂਲੀਅਤ ਜ਼ਰੂਰ ਕਰਨ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਕਾਰਨ ਦੇਸ਼ 'ਚ ਆਰਥਿਕ ਮੰਦੀ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਧੀ ਮਹਿੰਗਾਈ ਕਾਰਨ ਲੋਕਾਂ ਲਈ ਰਸੋਈ ਲਈ ਜ਼ਰੂਰੀ ਵਸਤੂਆਂ ਜਿਵੇਂ ਇਕ ਕਿਲੋ ਪਿਆਜ਼ ਤੇ ਟਮਾਟਰ ਖਰੀਦਣਾ ਵੀ ਬਹੁਤ ਔਖਾ ਹੋ ਗਿਆ ਹੈ। ਦੇਸ਼ 'ਚ ਪੈਦਾ ਹੋਈ ਸਥਿਤੀ ਤੇ ਆਰਥਿਕ ਮੰਦੀ ਕਾਰਨ ਹਫ਼ਤੇ 'ਚ ਘੱਟੋ ਘੱਟ ਦੋ ਦਿਨ ਉਦਯੋਗ ਮਜਬੂਰੀ ਵਸ ਬੰਦ ਕਰਨੇ ਪੈ ਰਹੇ ਹਨ। ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਵਿਹਲੇ ਘੁੰਮ ਰਹੇ ਹਨ, ਜਿਸ ਕਾਰਨ ਉਨ੍ਹਾਂ 'ਚ ਨਿਰਾਸ਼ਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਦਾ ਹਿੱਸਾ ਪੰਜਾਬ ਅਤੇ ਹੋਰ ਰਾਜਾਂ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹਾਲਾਤ ਹੋਰ ਵੀ ਮੰਦੇ ਹੋ ਰਹੇ ਹਨ।
ਬਟਾਲਾ ਵਿਚ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਬਾਰੇ ਬੋਲਦਿਆਂ ਪ੍ਰਦੇਸ਼ ਪ੍ਰਧਾਨ ਜਾਖੜ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਘਟਨਾ ਸੀ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਧਾਰਾ 302 ਆਈ.ਪੀ.ਸੀ. ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ ਤੇ ਇਸ ਦੀ ਮੁੱਢਲੀ ਜਾਂਚ 'ਚ ਜ਼ਿਲਾ ਪੁਲਸ ਨੇ ਇਸ ਘਟਨਾ 'ਚ ਕਿਸੇ ਵੀ ਤਰਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਦੇ ਆਗੂ ਅਜਿਹੇ ਅਪਰਾਧ 'ਤੇ ਵੀ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕਾਂ ਦਾ ਵਿਸ਼ਵਾਸ ਗਵਾ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਗਲਤ ਤੇ ਝੂਠੇ ਮੁੱਦਿਆਂ 'ਤੇ ਰਾਜਨੀਤੀ ਕਰਦਾ ਰਿਹਾ ਹੈ। ਅਕਾਲੀ ਦਲ ਵਲੋਂ ਪਿਛਲੀ ਆਪਣੀ ਸਰਕਾਰ ਦੌਰਾਨ ਬਰਗਾੜੀ ਕਾਂਡ ਤੇ ਆਪਣੀ ਚਮੜੀ ਬਚਾਉਣ ਲਈ ਸੰਬੰਧਿਤ ਕੇਸ ਸੀ.ਬੀ.ਆਈ. ਕੋਲ ਭੇਜਿਆ ਗਿਆ ਸੀ। ਇਸ ਤੋਂ ਬਿਨ੍ਹਾਂ ਆਪਣੇ ਆਗੂਆਂ ਨੂੰ ਬਚਾਉਣ ਲਈ ਹੀ ਪਿਛਲੀ ਸਰਕਾਰ ਨੇ ਕੁਝ ਮਾਮਲੇ ਈ.ਡੀ. ਨੂੰ ਭੇਜੇ ਸਨ। ਉਨ੍ਹਾਂ ਅਕਾਲੀ ਦਲ ਦੇ ਲੀਡਰਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਦੀ ਪਿਛਲੀ ਸਰਕਾਰ ਵਲੋਂ ਸੂਬੇ 'ਚ ਕਰੀਬ 4500 ਝੂਠੇ ਕੇਸ ਲੋਕਾਂ 'ਤੇ ਦਰਜ ਕਰਵਾਏ ਗਏ ਸਨ, ਜਿਨ੍ਹਾਂ ਨੂੰ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਵਲੋਂ ਨਬੇੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਬੇਤੁਕੀਆਂ ਗੱਲਾਂ ਕਰਕੇ ਮੁੜ ਆਪਣੇ ਪੈਰ ਜਮਾਉਣ ਲਈ ਚਾਲਾਂ ਚੱਲ ਰਹੇ ਹਨ, ਪਰ ਸੂਬੇ ਦੇ ਲੋਕ ਇਨ੍ਹਾਂ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹਨ ਤੇ ਲੋਕਾਂ ਨੂੰ ਅਕਾਲੀ ਹੁਣ ਗੁੰਮਰਾਹ ਨਹੀਂ ਕਰ ਸਕਦੇ।
ਮਨਦੀਪ ਸਿੰਘ ਮੰਨਾ ਵਲੋਂ ਦੋਸ਼ਾਂ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੀ ਮੰਗ
NEXT STORY