ਜਲੰਧਰ (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਕਾਰਜਕਾਲ 'ਚ ਬਾਰਡਰ 'ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਵਧ ਗਈ ਹੈ। ਹੁਣ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾਣ ਵਾਲੀ ਫਾਇਰਿੰਗ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਾਖੜ ਨੇ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਕਾਰਨ ਹੀ ਭਾਰਤੀ ਜਵਾਨ ਲਗਾਤਾਰ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ। ਦਸੰਬਰ ਤੇ ਜਨਵਰੀ ਮਹੀਨਿਆਂ ਦੇ ਅੰਕੜਿਆਂ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਦਸੰਬਰ ਮਹੀਨੇ 'ਚ ਪੰਜਾਬ ਦੇ 3 ਜਵਾਨਾਂ ਨੇ ਸ਼ਹੀਦੀਆਂ ਪਾਈਆਂ। ਜਨਵਰੀ ਮਹੀਨੇ 'ਚ ਹੁਣ ਤੱਕ ਪੰਜਾਬ ਦੇ 2 ਜਵਾਨ ਸ਼ਹੀਦ ਹੋ ਚੁੱਕੇ ਹਨ।
ਜਾਖੜ ਨੇ ਕਿਹਾ ਕਿ ਕਾਂਗਰਸ ਲੋਕ ਸਭਾ ਦੇ ਬਜਟ ਸੈਸ਼ਨ 'ਚ ਇਸ ਮਾਮਲੇ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਸਾਹਮਣੇ ਉਠਾਏਗੀ। ਉੁਨ੍ਹਾਂ ਤੋਂ ਸਵਾਲ ਪੁੱਛੇਗੀ ਕਿ ਆਖਿਰ ਵਾਰ-ਵਾਰ ਸਰਹੱਦ ਪਾਰ ਤੋਂ ਬਿਨਾਂ ਕਾਰਨ ਫਾਇਰਿੰਗ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਦੋਂ ਨੋਟਬੰਦੀ ਨੂੰ ਲਾਗੂ ਕੀਤਾ ਸੀ ਤਾਂ ਉਸ ਸਮੇਂ ਕਿਹਾ ਸੀ ਕਿ ਇਸ ਨਾਲ ਅੱਤਵਾਦੀ ਘਟਨਾਵਾਂ 'ਚ ਕਮੀ ਆਏਗੀ ਪਰ ਜੰਮੂ-ਕਸ਼ਮੀਰ 'ਚ ਲਗਾਤਾਰ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ। ਇਸ ਤੋਂ ਪਤਾ ਲੱਗਾ ਹੈ ਕਿ ਨੋਟਬੰਦੀ ਦਾ ਅੱਤਵਾਦੀ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਗੱਲਬਾਤ ਕਰ ਕੇ ਅੱਤਵਾਦ ਅਤੇ ਸਰਹੱਦੀ ਖੇਤਰਾਂ 'ਚ ਹੋ ਰਹੀ ਫਾਇਰਿੰਗ ਦੇ ਮੁੱਦਿਆਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਨਗੇ। ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਕੇਂਦਰ ਦੀਆਂ ਨਰਮ ਨੀਤੀਆਂ ਕਾਰਨ ਵਾਰ-ਵਾਰ ਕਿਉਂ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਕਿਉਂ ਨਹੀਂ ਬਾਜ਼ ਆ ਰਿਹਾ? ਕੇਂਦਰ ਨੂੰ ਤੁਰੰਤ ਪਾਕਿ ਨੂੰ ਸਖਤ ਜਵਾਬ ਦੇਣ ਦੀ ਲੋੜ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਤੇ ਮਹਿੰਗਾਈ ਦੇ ਮੁੱਦੇ 'ਤੇ ਵੀ ਬਜਟ ਸੈਸ਼ਨ 'ਚ ਭਾਜਪਾ ਸਰਕਾਰ ਨੂੰ ਘੇਰੇਗੀ।
2 ਧਿਰਾਂ 'ਚ ਝਗੜੇ ਦੌਰਾਨ ਪਤੀ-ਪਤਨੀ ਜ਼ਖ਼ਮੀ
NEXT STORY