ਮੋਗਾ (ਆਜ਼ਾਦ) : ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਲਾਲ ਸਿੰਘ ਰੋਡ ’ਤੇ ਮਾਮੂਲੀ ਵਿਵਾਦ ਕਾਰਣ ਹੋਏ ਲੜਾਈ ਝਗੜੇ ਵਿਚ ਗੁਰਮੀਤ ਸਿੰਘ ਦੇ ਘਰ ’ਤੇ ਕੁਝ ਵਿਅਕਤੀਆਂ ਵੱਲੋਂ ਗੇਟ ਦੀ ਭੰਨਤੋੜ ਕੀਤੇ ਜਾਣ ਤੋਂ ਇਲਾਵਾ ਹਵਾਈ ਫਾਇਰਿੰਗ ਕਰਨ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਚਾਚੇ ਬਲਵਿੰਦਰ ਸਿੰਘ ਦੇ ਨਾਲ ਘਰ ਦੇ ਬਾਹਰ ਖੜ੍ਹਾ ਸੀ ਅਤੇ ਸੜਕ ’ਤੇ ਇਕ ਰੇਤਾ ਦੀ ਭਰੀ ਟਰਾਲੀ ਆ ਰਹੀ ਸੀ, ਜਿਸ ’ਤੇ ਦੋਸ਼ੀ ਸੁੱਖੀ ਸਿੰਘ ਨੇ ਟਰੈਕਟਰ ਟਰਾਲੀ ਅੱਗੇ ਮੋਟਰਸਾਈਕਲ ਲਾ ਕੇ ਉਨ੍ਹਾਂ ਨਾਲ ਝਗੜਾ ਕਰਨ ਲੱਗਾ।
ਉਕਤ ਨੇ ਦੱਸਿਆ ਕਿ ਇਸ ਦੌਰਾਨ ਅਸੀਂ ਉਨ੍ਹਾਂ ਨੂੰ ਸਮਝਾ ਕੇ ਭੇਜ ਦਿੱਤਾ ਪਰ ਕੁਝ ਸਮੇਂ ਬਾਅਦ ਸੁੱਖੀ ਸਿੰਘ ਨਿਵਾਸੀ ਬਘੇਲੇਵਾਲਾ, ਸੁਖਮੰਦਰ ਸਿੰਘ ਨਿਵਾਸੀ ਪਿੰਡ ਸਿੰਘਾਂਵਾਲਾ ਅਤੇ ਹੋਰ 4-5 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਆਇਆ ਜੋ ਹਥਿਆਰਾਂ ਨਾਲ ਲੈਸ ਸੀ। ਉਨ੍ਹਾਂ ਆਉਂਦਿਆਂ ਹੀ ਸਾਡੇ ਘਰ ਦੇ ਗੇਟ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਅਸੀਂ ਵਿਰੋਧ ਕੀਤਾ ਤਾਂ ਦੋਸ਼ੀ ਆਪਣੇ ਪਿਸਟਲ ਨਾਲ ਹਵਾਈ ਫਾਇਰ ਕਰਦਾ ਹੋਇਆ ਸਾਥੀਆਂ ਸਮੇਤ ਚਲਾ ਗਿਆ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਸੁਖਮੰਦਰ ਸਿੰਘ ਨੂੰ ਕਾਬੂ ਕਰ ਲਿਆ ਜਦਕਿ ਦੂਸਰਿਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਕੇਂਦਰ ਖ਼ਿਲਾਫ਼ ਮੋਰਚੇ ’ਤੇ ਬੈਠੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ
NEXT STORY