ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਪੁਲਸ ਵਲੋਂ ਬੁੱਚੜਖਾਨੇ ਲਿਜਾ ਰਹੇ ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਕਰ ਉਸ ’ਚੋਂ 18 ਗਊਆਂ ਬਰਾਮਦ ਕੀਤੀਆਂ ਗਈਆਂ ਅਤੇ ਇਸ ਮਾਮਲੇ ’ਚ ਹਰਪ੍ਰੀਤ ਸਿੰਘ ਲੁਧਿਆਣਾ, ਅਸ਼ਵਨੀ ਕੁਮਾਰ, ਚਰਨਜੀਤ ਸਿੰਘ, ਅਜੈ ਕੁਮਾਰ ਤੇ ਨਿਤਿਨ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗਊ ਰੱਖਿਆ ਦਲ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਅਬੋਹਰ ਵਲੋਂ ਇੱਕ ਗਊਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਇਨ੍ਹਾਂ ਗਊਆਂ ਨੂੰ ਟਰੱਕਾਂ 'ਚ ਲੱਦ ਕੇ ਹਰਿਆਣਾ ’ਚ ਨਾਜਾਇਜ਼ ਤੌਰ ’ਤੇ ਚੱਲ ਰਹੇ ਬੁੱਚੜਖਾਨਿਆਂ ’ਚ ਲਿਜਾ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਦੀ ਟੀਮ ਨੇ ਟਰੱਕ ਦਾ ਪਿੱਛਾ ਕੀਤਾ।
ਇਹ ਗਊਆਂ ਦਾ ਭਰਿਆ ਟਰੱਕ ਮਾਛੀਵਾੜਾ ਤੋਂ ਕੁਹਾੜਾ ਰੋਡ ’ਤੇ ਜਾ ਰਿਹਾ ਸੀ ਅਤੇ ਇਸ ਸਬੰਧੀ ਕੂੰਮਕਲਾਂ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨਾਕਾਬੰਦੀ ਕਰ ਟਰੱਕ ਨੂੰ ਕਾਬੂ ਕਰ ਲਿਆ ਅਤੇ ਉਸ 'ਚੋਂ 18 ਗਊਆਂ ਬਰਾਮਦ ਕੀਤੀਆਂ। ਗਊਆਂ ਦੀ ਤਸਕਰੀ ਕਰਨ ਵਾਲੇ ਇਸ ਟਰੱਕ ਅੱਗੇ ਕਾਰ ਲਗਾ ਕੇ ਰਸਤੇ ਸਬੰਧੀ ਜਾਣਕਾਰੀ ਦੇ ਰਹੇ ਸਨ ਤਾਂ ਜੋ ਰਾਹ 'ਚ ਕਿਤੇ ਪੁਲਸ ਨਾਕਾਬੰਦੀ ਹੋਵੇ ਤਾਂ ਟਰੱਕ ਪਿੱਛੇ ਹੀ ਰੋਕ ਲਿਆ ਜਾਵੇ। ਕੂੰਮਕਲਾਂ ਪੁਲਸ ਨੇ ਟਰੱਕ ਤੇ ਕਾਰ 'ਚ ਸਵਾਰ 5 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ, ਜਦਕਿ ਬੁੱਚੜਖਾਨੇ ਜਾ ਰਹੀਆਂ 18 ਗਊਆਂ ਨੂੰ ਰਿਹਾਅ ਕਰਵਾ ਭੈਰੋਮੁੰਨਾ ਗਊਸ਼ਾਲਾ 'ਚ ਛੱਡ ਦਿੱਤਾ ਗਿਆ।
ਟਰੱਕ ’ਤੇ ਲੱਗਿਆ ਸੀ ਜਾਅਲੀ ਨੰਬਰ
ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਟਰੱਕ ’ਚ ਗਊਆਂ ਲੱਦ ਕੇ ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਸਨ, ਉਸ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਟਰੱਕ ’ਚੋਂ ਵੱਖ-ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ, ਜਦਕਿ ਟਰੱਕ ਦਾ ਇੱਕ ਨੰਬਰ ਤਾਂ ਪੰਜਾਬ ਦੇ ਕਿਸੇ ਪੁਲਸ ਥਾਣੇ ’ਚ ਬੰਦ ਕਿਸੇ ਵ੍ਹੀਕਲ ਦਾ ਲੱਗਿਆ ਹੈ। ਥਾਣਾ ਮੁਖੀ ਅਨੁਸਾਰ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਗਊਆਂ ਕਿੱਥੇ ਲੈ ਕੇ ਜਾ ਰਹੇ ਸਨ
ਟਰੱਕ ’ਚ ਬੇਰਹਿਮੀ ਨਾਲ ਗਊਆਂ ਲੱਦਣ ਕਾਰਨ ਇੱਕ ਦੀ ਮੌਤ
ਪੁਲਸ ਵਲੋਂ ਜਦੋਂ ਟਰੱਕ ’ਚੋਂ ਗਊਆਂ ਬਰਾਮਦ ਕੀਤੀਆਂ ਗਈਆਂ ਤਾਂ ਇਨ੍ਹਾਂ ਬੇਜ਼ੁਬਾਨਾਂ ਨੂੰ ਇੰਨੀ ਬੇਰਹਿਮੀ ਨਾਲ ਲੱਦਿਆ ਹੋਇਆ ਸੀ ਕਿ ਇਨ੍ਹਾਂ ’ਚੋਂ ਇੱਕ ਪਸ਼ੂ ਦੀ ਮੌਤ ਹੋ ਗਈ, ਜਦਕਿ ਦੂਜੀ ਦਮ ਤੋੜਨ ਕਿਨਾਰੇ ਹੈ। ਪੁਲਸ ਵਲੋਂ ਫਿਲਹਾਲ ਇਨ੍ਹਾਂ ਨੂੰ ਭੈਰੋਮੁੰਨਾ ਗਊਸ਼ਾਲਾ 'ਚ ਛੱਡ ਦਿੱਤਾ ਗਿਆ ਹੈ ਅਤੇ ਮਰੇ ਪਸ਼ੂ ਦਾ ਪੋਸਟਮਾਰਟਮ ਵੀ ਕਰਵਾਇਆ ਜਾਵੇਗਾ।
ਗਊ ਤਸਕਰ ਗਿਰੋਹ ਨੇ ਬੁੱਚੜਖਾਨੇ ਨਾਲ 25 ਹਜ਼ਾਰ ਪਸ਼ੂਆਂ ਦਾ ਕੀਤਾ ਸੌਦਾ
ਇਸ ਗਊ ਤਸਕਰੀ ਗਿਰੋਹ ਦਾ ਭਾਂਡਾ ਭੰਨਣ ਵਾਲੇ ਗਊ ਰੱਖਿਆ ਦਲ ਦੇ ਆਗੂ ਸੰਦੀਪ ਕੁਮਾਰ ਨੇ ਦਾਅਵਾ ਕੀਤਾ ਕਿ ਅਗਲੇ ਕੁੱਝ ਦਿਨਾਂ ’ਚ ਇਕ ਭਾਈਚਾਰੇ ਨਾਲ ਸਬੰਧਿਤ ਲੋਕਾਂ ਦਾ ਤਿਉਹਾਰ ਆਉਣ ਵਾਲਾ ਹੈ, ਜਿਸ ਲਈ ਬੁੱਚੜਖਾਨੇ 'ਚ ਗਊਆਂ ਦਾ ਮੀਟ ਤਿਆਰ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਗਊ ਰੱਖਿਆ ਦਲ ਵਲੋਂ ਇਸ ਸਬੰਧੀ ਪੂਰੀ ਨਿਗਰਾਨੀ ਰੱਖੀ ਸੀ ਅਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸਰਗਨੇ ਦੇ ਮੁਖੀ ਚਰਨਜੀਤ ਸਿੰਘ ਨੇ 25 ਹਜ਼ਾਰ ਗਊਆਂ ਦਾ ਸੌਦਾ ਬੁੱਚੜਖਾਨੇ ਨਾਲ ਕੀਤਾ ਹੈ, ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗਊਆਂ ਦੇ ਟਰੱਕ ਭਰ ਕੇ ਸਪਲਾਈ ਕਰ ਰਿਹਾ ਹੈ।
ਗਊ ਰੱਖਿਆ ਦਲ ਦੀ ਟੀਮ ਅਬੋਹਰ ਤੋਂ ਹੀ ਇਸ ਟਰੱਕ ਦਾ ਪਿੱਛਾ ਕਰ ਤਲਾਸ਼ ਕਰ ਰਹੀ ਸੀ ਪਰ ਮਾਛੀਵਾੜਾ-ਕੁਹਾੜਾ ਰੋਡ ’ਤੇ ਇਸ ਨੂੰ ਪੁਲਸ ਦੀ ਮੱਦਦ ਨਾਲ ਕਾਬੂ ਕਰ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਵੀ ਕਿਹਾ ਕਿ ਗਊ ਰੱਖਿਆ ਦਲ ਨੇ ਗਊ ਧਨ ਨੂੰ ਬਚਾਉਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜਿਸ ਲਈ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਉਥੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਗਊਆਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚਚੇਰੇ ਭਰਾਵਾਂ ਦੀ ਘਿਨੌਣੀ ਕਰਤੂਤ: ਭਰਾ ਨੂੰ ਜ਼ਬਰੀ ਜ਼ਹਿਰੀਲੀ ਦਵਾਈ ਪਿਲਾ ਕੇ ਉਤਾਰਿਆ ਮੌਤ ਦੇ ਘਾਟ
NEXT STORY