ਜਲੰਧਰ (ਵਿਸ਼ੇਸ਼)-ਕ੍ਰਿਕਟਰ ਤੋਂ ਸਿਆਸਤ ’ਚ ਕਦਮ ਰੱਖਣ ਵਾਲੇ ਹਰਭਜਨ ਸਿੰਘ ਇਕ ਵਾਰ ਫਿਰ ਚਰਚਾ ’ਚ ਆ ਗਏ ਹਨ। ਜਲੰਧਰ ਨਾਲ ਸਬੰਧਿਤ ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਸੰਸਦ ਦੇ ਤੌਰ ’ਤੇ ਸਨਮਾਨ ਦਿੱਤਾ ਸੀ ਪਰ ਹਰਭਜਨ ਸਿੰਘ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਪ੍ਰਤੀ ਬੇਰੁਖੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਪਾਰਟੀ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੇ ਇਸ ਰਵੱਈਏ ਨਾਲ ਆਮ ਜਨਤਾ ਅਤੇ ਪਾਰਟੀ ਵਰਕਰਾਂ ’ਚ ਨਿਰਾਸ਼ਾ ਹੈ। ਲੋਕ ਸਭਾ ਚੋਣਾਂ ਨੂੰ ਵੇਖਦੇ ਸੂਬੇ ’ਚ ਜਿੱਥੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਸਾਰੀਆਂ ਪਾਰਟੀਆਂ ਦੇ ਨੇਤਾ ਪੂਰੇ-ਦਮਖਮ ਦੇ ਨਾਲ ਚੋਣ ਮੈਦਾਨ ’ਚ ਉਤਰ ਪਏ ਹਨ, ਉਥੇ ਹੀ ਹਰਭਜਨ ਸਿੰਘ ਇਕ ਵਾਰ ਫਿਰ ਗਾਇਬ ਹਨ, ਜਿਸ ਕਾਰਨ ਪਾਰਟੀ ਵਰਕਰਾਂ ’ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।
ਦਰਅਸਲ ਹਰਭਜਨ ਸਿੰਘ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗਾਇਬ ਰਹਿੰਦੇ ਹੀ ਹਨ। ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਵੀ ਹਰਭਜਨ ਸਿੰਘ ਨੇ ਪੂਰੀ ਬੇਰੁਖੀ ਦਿਖਾਈ। ਉਨ੍ਹਾਂ ਨੇ ਕੇਜਰੀਵਾਲ ਦੇ ਪਰਿਵਾਰ ਨਾਲ ਇਸ ਮੁਸ਼ਕਿਲ ਘੜੀ ’ਚ ਖੜ੍ਹੇ ਹੋਣਾ ਤਾਂ ਦੂਰ ਦੀ ਗੱਲ, ਸੋਸ਼ਲ ਮੀਡੀਆ ’ਤੇ ਵੀ 2 ਸ਼ਬਦ ਕੇਜਰੀਵਾਲ ਦੇ ਪੱਖ ’ਚ ਨਹੀਂ ਲਿਖੇ, ਜੋ ਇਹ ਸੰਕੇਤ ਦਿੰਦੇ ਹਨ ਕਿ ਦਰਅਸਲ ਹਰਭਜਨ ਸਿੰਘ ਨੂੰ ਪਾਰਟੀ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਨ੍ਹਾਂ ਨੂੰ ਬਸ ਇਕ ਅਹੁਦਾ ਚਾਹੀਦਾ ਸੀ, ਜੋ ਉਨ੍ਹਾਂ ਨੂੰ ਮਿਲ ਗਿਆ ਹੈ। ਹੁਣ ਜਨਤਾ ਕੌਣ ਅਤੇ ਪਾਰਟੀ ਕੌਣ।
ਇਹ ਵੀ ਪੜ੍ਹੋ- ਭਾਬੀ ਦੇ ਪਿਆਰ 'ਚ ਅੰਨ੍ਹਾ ਹੋਇਆ ਦਿਓਰ, ਭਜਾਉਣ ਲਈ ਬਿਹਾਰ ਤੋਂ ਪੁੱਜਾ ਜਲੰਧਰ, ਫਿਰ ਜੋ ਹੋਇਆ ਵੇਖ ਟੱਬਰ ਦੇ ਉੱਡੇ ਹੋਸ਼
ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਪਾਰਟੀ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਬੇਰੁਖੀ ਵਾਲਾ ਆਪਣਾ ਰਵੱਈਆ ਵਿਖਾ ਚੁੱਕੇ ਹਨ। ਪੰਜਾਬ ’ਚ ਬੀਤੇ ਸਮੇਂ ਹੜ੍ਹ ਕਾਰਨ ਪੈਦਾ ਹੋਏ ਮਾੜੇ ਹਾਲਾਤਾਂ ’ਚੋਂ ਲੋਕਾਂ ਨੂੰ ਲੰਘਣਾ ਪਿਆ ਸੀ ਪਰ ਉਦੋਂ ਵੀ ਹਰਭਜਨ ਸਿੰਘ ਕਾਫ਼ੀ ਸਮੇਂ ਬਾਅਦ ਪੰਜਾਬ ਪਹੁੰਚੇ। ਇਕ-ਦੋ ਦਿਨ ਇਥੇ ਰੁਕ ਕੇ ਵਾਪਸ ਚਲੇ ਗਏ, ਜਦਕਿ ਪੰਜਾਬ ਅਤੇ ਖਾਸ ਕਰ ਕੇ ਜਲੰਧਰ ’ਚ ਕਈ ਇਲਾਕਿਆਂ ’ਚ ਕਈ ਦਿਨਾਂ ਤਕ ਪਾਣੀ ਭਰਿਆ ਰਿਹਾ ਪਰ ਉਹ ਦੋਬਾਰਾ ਨਹੀਂ ਵਿਖੇ। ਪਾਰਟੀ ਦੇ ਪ੍ਰਤੀ ਵੀ ਉਨ੍ਹਾਂ ਦੇ ਇਸ ਰਵੱਈਏ ਬਾਰੇ ਸਾਰੇ ਜਾਣਦੇ ਹਨ।
ਜਲੰਧਰ ’ਚ ਬੀਤੇ ਸਾਲ ਹੋਈ ਲੋਕ ਸਭਾ ਉਪ ਚੋਣ ’ਚ ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ, ਉਦੋਂ ਵੀ ਹਰਭਜਨ ਸਿੰਘ ਪ੍ਰਚਾਰ ਲਈ ਨਹੀਂ ਆਏ। ਦਿੱਲੀ ਤੋਂ ਕਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤਕ ਜਲੰਧਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਿੰਕੂ ਦੇ ਪੱਖ ’ਚ ਪ੍ਰਚਾਰ ਕਰ ਕੇ ਗਏ ਪਰ ਹਰਭਜਨ ਸਿੰਘ ਨੂੰ ਕਿਸੇ ਨੇ ਨਹੀਂ ਵੇਖਿਆ। ਹੁਣ ਸੀ. ਐੱਮ. ਮਾਨ ਸਣੇ ਪੂਰੀ ਕੈਬਨਿਟ ਚੋਣਾਂ ਨੂੰ ਲੈ ਕੇ ਗੰਭੀਰ ਹੈ ਅਤੇ 13 ਸੀਟਾਂ ’ਚੋਂ 9 ਸੀਟਾਂ ’ਤੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਚੁੱਕੀ ਹੈ ਅਤੇ ਅੱਗੇ ਵੀ ਇਸ ਗੱਲ ’ਤੇ ਮੰਥਨ ਜ਼ੋਰਾਂ ’ਤੇ ਹੈ ਕਿ ਬਾਕੀ ਬਚੀਆਂ ਸੀਟਾਂ ’ਤੇ ਕਿਹੜੇ ਉਮੀਦਵਾਰ ਨੂੰ ਉਤਾਰਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ
NEXT STORY