ਹੁਸ਼ਿਆਰਪੁਰ, (ਘੁੰਮਣ)- ਵੈਸੇ ਤਾਂ 'ਜਲ ਹੀ ਜੀਵਨ ਹੈ' ਦੇ ਵੱਡੇ-ਵੱਡੇ ਸਲੋਗਨ ਸਰਕਾਰਾਂ ਵੱਲੋਂ ਪ੍ਰਚੱਲਿਤ ਕੀਤੇ ਜਾਂਦੇ ਹਨ ਅਤੇ ਨਗਰ ਨਿਗਮ ਵੱਲੋਂ ਵੀ ਸਮੇਂ-ਸਮੇਂ 'ਤੇ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ ਕਿ ਜੇਕਰ ਪਾਣੀ ਨੂੰ ਵਿਅਰਥ ਗੁਆਇਆ ਤਾਂ ਜੁਰਮਾਨਾ ਭੁਗਤਣਾ ਪਵੇਗਾ। ਇਸ ਦੇ ਉਲਟ ਸ਼ਹਿਰ ਦੇ ਵਾਰਡ ਨੰ. 14 ਦੇ ਮੁਹੱਲਾ ਬੇਗਮਪੁਰਾ ਦੀ ਗਲੀ ਨੰ. 1 ਤੇ 2 ਵਿਚ ਸਾਲ 2013 ਦੌਰਾਨ ਨਗਰ ਨਿਗਮ ਵੱਲੋਂ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ 5 ਸਾਲ ਬਾਅਦ ਅਜੇ 2-3 ਮਹੀਨੇ ਪਹਿਲਾਂ ਹੀ ਚਾਲੂ ਕੀਤਾ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਲਾਈਨ ਵਿਛਾਉਣ ਲਈ ਐਨੇ ਘਟੀਆ ਮੈਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਕਿ ਸਿਰਫ 2 ਮਹੀਨੇ 'ਚ ਹੀ ਪਾਈਪ ਲਾਈਨਾਂ ਥਾਂ-ਥਾਂ ਤੋਂ ਲੀਕ ਕਰਨੀਆਂ ਸ਼ੁਰੂ ਹੋ ਗਈਆਂ ਹਨ। ਹੁਣ ਹਾਲਤ ਇਹ ਹੋ ਗਈ ਹੈ ਕਿ ਦਿਨ-ਰਾਤ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਗਲੀਆਂ 'ਚ ਵਹਿ ਕੇ ਬਰਬਾਦ ਹੋ ਰਿਹਾ ਹੈ। ਪਾਣੀ ਦੀ ਬਰਬਾਦੀ ਦੇ ਨਾਲ-ਨਾਲ ਸੜਕਾਂ ਵੀ ਟੁੱਟ ਰਹੀਆਂ ਹਨ ਤੇ ਪਾਣੀ ਖਾਲੀ ਪਲਾਟਾਂ ਵਿਚ ਖੜ੍ਹਾ ਹੋ ਕੇ ਗੁਆਂਢੀਆਂ ਦੀਆਂ ਨੀਹਾਂ ਲਈ ਖਤਰਾ ਬਣ ਰਿਹਾ ਹੈ।
ਦੁਖੀ ਲੋਕਾਂ ਨੇ ਕੀਤਾ ਪ੍ਰਦਰਸ਼ਨ
ਪੀੜਤ ਲੋਕਾਂ ਜਿਨ੍ਹਾਂ ਵਿਚ ਮੁਨੀਸ਼ ਕੁਮਾਰ, ਸ਼ਿਵ ਕੁਮਾਰ, ਬਲਜਿੰਦਰ ਬੰਟੀ, ਨਰੇਸ਼ ਕੁਮਾਰ, ਤਿਲਕ ਰਾਜ, ਰਜਿੰਦਰ ਬੌਬੀ, ਅਨੀਤਾ ਰਾਣੀ, ਨਿਰਮਲ ਸਿੰਘ ਆਦਿ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕਈ ਵਾਰ ਸਬੰਧਿਤ ਅਧਿਕਾਰੀਆਂ ਕੋਲ ਫਰਿਆਦ ਕਰਨ ਦੇ ਬਾਅਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਲੋਕਾਂ ਨੇ ਕਿਹਾ ਕਿ ਸੜਕਾਂ 'ਤੇ ਪਾਣੀ ਦੇ ਜਮਾਵੜੇ ਕਾਰਨ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਫੈਲ ਸਕਦੀ ਹੈ ਬੀਮਾਰੀ
ਮੁਹੱਲਾ ਬੇਗਮਪੁਰਾ ਦੇ ਨਾਲ ਲੱਗਦੇ ਵਿਜੇ ਨਗਰ ਦੇ ਵਿਅਕਤੀਆਂ ਸੇਵਾਮੁਕਤ ਐੱਸ. ਐੱਮ. ਓ. ਡਾ. ਸਰਦੂਲ ਸਿੰਘ ਤੇ ਐੱਸ. ਬੀ. ਆਈ. ਦੇ ਸੇਵਾਮੁਕਤ ਚੀਫ਼ ਮੈਨੇਜਰ ਤਰਸੇਮ ਸਿੰਘ ਗੋਜਰਾ ਨੇ ਕਿਹਾ ਕਿ ਪਾਣੀ ਦੀਆਂ ਪਾਈਪਾਂ ਦੇ ਨਾਲ-ਨਾਲ ਸੀਵਰੇਜ ਲਾਈਨ ਵੀ ਜਾਂਦੀ ਹੈ। ਜੇਕਰ ਪਾਣੀ ਦੀਆਂ ਟੁੱਟੀਆਂ ਪਾਈਪਾਂ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਗਿਆ ਤਾਂ ਇਲਾਕਾ ਵਾਸੀਆਂ ਨੂੰ ਗੰਭੀਰ ਬੀਮਾਰੀਆਂ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਡੀ. ਸੀ. ਨੂੰ ਵੀ ਦਿੱਤਾ ਜਾ ਚੁੱਕੈ ਮੰਗ-ਪੱਤਰ
ਲੋਕਾਂ ਨੇ ਦੱਸਿਆ ਕਿ ਇਸ ਗੰਭੀਰ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਵੀ ਮੰਗ-ਪੱਤਰ ਦਿੱਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।
ਕੌਂਸਲਰ ਨੇ ਕਿਹਾ ਹੋਣੀ ਚਾਹੀਦੀ ਹੈ ਜਾਂਚ
ਸੰਪਰਕ ਕਰਨ 'ਤੇ ਇਲਾਕੇ ਦੇ ਕੌਂਸਲਰ ਬਲਵਿੰਦਰ ਬਿੰਦੀ ਨੇ ਮੰਨਿਆ ਕਿ ਮੁਹੱਲਾ ਬੇਗਮਪੁਰਾ 'ਚ ਵਾਟਰ ਪਾਈਪ ਲਾਈਨ ਪਾਉਣ ਲਈ ਘਟੀਆ ਮੈਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਵਾਰ-ਵਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਨੇ ਇਥੇ ਪਾਈਪ ਲਾਈਨ ਵਿਛਾਈ ਹੈ, ਉਸ ਦੇ ਸਮੁੱਚੇ ਕੰਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਭੂਚਾਲ ਦੇ ਝਟਕੇ ਨਾਲ ਹਿੱਲਿਆ ਸ਼ਹਿਰ ; ਡਰ ਕਾਰਨ ਘਰਾਂ ਤੇ ਦੁਕਾਨਾਂ 'ਚੋਂ ਬਾਹਰ ਨਿਕਲੇ ਲੋਕ
NEXT STORY