ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਉਹ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਪਰਿਵਾਰ ਵੱਲੋਂ ਉਸ ਵਿਰੁੱਧ ਲਾਏ ਗੰਭੀਰ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਹੈ ਕਿ ਰੰਧਾਵਾ ਨੂੰ ਇਸ ਸਿਆਸੀ ਕਤਲ ਦਾ ਜੁਆਬ ਦੇਣਾ ਪਵੇਗਾ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲਬੀਰ ਢਿੱਲਵਾਂ ਦਾ ਪਰਿਵਾਰ ਪਹਿਲਾਂ ਹੀ ਜੇਲ ਮੰਤਰੀ ਦਾ ਪਰਦਾਫਾਸ਼ ਕਰ ਚੁੱਕਿਆ ਹੈ। ਪੀੜਤ ਪਰਿਵਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਵੇਂ 2004 'ਚ ਜਦੋਂ ਸੰਸਦੀ ਚੋਣਾਂ ਦੌਰਾਨ ਤੁਹਾਡੇ ਵੱਲੋਂ ਢਿੱਲਵਾਂ ਪਿੰਡ 'ਚ ਬੂਥਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਦੌਰਾਨ ਤੁਹਾਡੀ ਦਸਤਾਰ ਉੱਤਰ ਗਈ ਸੀ ਤਾਂ ਉਸ ਤੋਂ ਤੁਰੰਤ ਬਾਅਦ ਤੁਸੀਂ ਇਸ ਪਰਿਵਾਰ ਦੇ 10 ਮੈਂਬਰਾਂ ਨੂੰ ਇਕ ਝੂਠੇ ਕੇਸ ਵਿਚ ਫਸਾਇਆ ਸੀ। ਤੁਸੀਂ ਖੁਦ ਵੀ ਇਸ ਤੱਥ ਨੂੰ ਝੁਠਲਾਇਆ ਨਹੀਂ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਇਸ ਤੱਥ ਤੋਂ ਵੀ ਸਾਰੇ ਵਾਕਿਫ ਹਨ ਕਿ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਗੁਰਦਾਸਪੁਰ ਪੁਲਸ ਮ੍ਰਿਤਕ ਢਿੱਲਵਾਂ ਦੇ ਬੇਟੇ ਦੇ ਬਿਆਨ 'ਤੇ ਐੱਫ. ਆਈ. ਆਰ. ਦਰਜ ਨਹੀਂ ਕਰ ਰਹੀ ਹੈ, ਜਿਸ ਨੇ ਸ਼ਰੇਆਮ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦਾ ਕਤਲ ਇਕ ਸਿਆਸੀ ਕਤਲ ਹੈ ਅਤੇ ਇਹ ਕਤਲ ਤੁਹਾਡੀ ਸਰਪ੍ਰਸਤੀ ਹੇਠ ਕਾਂਗਰਸੀਆਂ ਵੱਲੋਂ ਕੀਤਾ ਗਿਆ ਹੈ। ਤੁਹਾਡੇ ਵੱਲੋਂ ਪਾਏ ਜਾ ਰਹੇ ਭਾਰੀ ਦਬਾਅ ਕਰ ਕੇ ਜ਼ਿਲਾ ਪੁਲਸ ਐੱਫ.ਆਈ.ਆਰ. ਦਰਜ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਨਿਰਦੋਸ਼ ਹੋਣ ਦਾ ਇੰਨਾ ਭਰੋਸਾ ਹੈ ਤਾਂ ਫਿਰ ਤੁਸੀਂ ਪੁਲਸ ਨੂੰ ਕਾਨੂੰਨ ਮੁਤਾਬਿਕ ਆਪਣੇ ਖ਼ਿਲਾਫ ਐੱਫ.ਆਈ.ਆਰ. ਦਰਜ ਕਰਨ ਕਿਉਂ ਨਹੀਂ ਦੇ ਰਹੇ? ਤੁਸੀਂ ਕਿਉਂ ਡਰਦੇ ਹੋ?
ਬਲਬੀਰ ਸਿੱਧੂ ਦਾ ਬਿਆਨ, 'ਸਲਾਹਕਾਰਾਂ ਨੂੰ ਸਰਕਾਰੀ ਕੋਠੀਆਂ ਦੇਣ 'ਚ ਕੋਈ ਹਰਜ਼ ਨੀ'
NEXT STORY