ਅੰਮ੍ਰਿਤਸਰ (ਸੁਮਿਤ ਖੰਨਾ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 3 ਸਾਲ ਦੇ ਕਾਰਜਕਾਲ ਨੂੰ ਨਿਕੰਮਾ ਕਰਾਰ ਦਿੱਤਾ ਹੈ। ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਿਕੰਮੀ ਸਾਬਤ ਹੋਈ ਹੈ ਅਤੇ 2022 ਦੇ ਵਿਚ ਲੋਕ ਇਸ ਦਾ ਸਫਾਇਆ ਕਰ ਦੇਣਗੇ। ਸੁਖਬੀਰ ਨੇ ਆਖਿਆ ਕਿ ਸਰਕਾਰ ਨੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਕੁਝ ਨਹੀਂ ਕੀਤਾ। ਦੋ ਸਟੇਜਾਂ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ 'ਚ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਸਾਰਿਆਂ ਨੂੰ ਇਕ ਸਟੇਜ 'ਤੇ ਹੀ ਧਾਰਮਿਕ ਪ੍ਰੋਗਰਾਮ ਮਨਾਉਣੇ ਚਾਹੀਦੇ ਹਨ।
ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਕੱਢੇ ਜਾ ਰਹੇ ਨਗਰ ਕੀਰਤਨ ਸੰਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖਦਿਆਂ ਸੁਖਬੀਰ ਨੇ ਕਿਹਾ ਕਿ ਇਸ ਵਾਰ ਕਈ ਨਗਰ ਕੀਰਤਨ ਕੱਢੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਸਰਨਾ ਦੇ ਨਗਰ ਕੀਰਤਨ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਪੰਜਾਬ ਦਾ ਮੌਜੂਦਾ ਮਾਹੌਲ ਅਕਾਲੀ ਦਲ ਵੱਲ ਹੈ।
ਇਸ ਤੋਂ ਇਲਾਵਾ ਸੁਖਬੀਰ ਨੇ ਹਰਸਿਮਰਤ ਕੌਰ ਬਾਦਲ ਵਲੋਂ ਚੁੱਕੀ ਗਈ ਉਸ ਮੰਗ ਨੂੰ ਸਹੀ ਦੱਸਿਆ ਜਿਸ ਵਿਚ ਉਨ੍ਹਾਂ ਪਾਕਿਸਤਾਨ ਵਲੋਂ ਰੱਖੀ ਗਈ 20 ਅਮਰੀਕੀ ਡਾਲਰ ਦੀ ਫੀਸ ਨੂੰ ਪੰਜਾਬ ਸਰਕਾਰ ਵਲੋਂ ਅਦਾ ਕੀਤੇ ਜਾਣ ਲਈ ਕਿਹਾ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੀ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਦੇ ਸ਼ਰਧਾਲੂਆਂ ਨੂੰ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕਰਵਾਏ ਸੀ, ਉਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਪਾਕਿਸਤਾਨ ਵੱਲੋਂ ਰੱਖੀ ਫ਼ੀਸ ਨੂੰ ਭਰਨ।
ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ
NEXT STORY