ਮਾਨਸਾ (ਸੰਦੀਪ ਮਿੱਤਲ) : ਮਾਨਸਾ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਬੁਰਜ ਵਿਖੇ ਦਾਜ ਨਾ ਦੇਣ ਕਾਰਣ ਸਹੁਰਿਆਂ ਵੱਲੋਂ ਇਕ ਵਿਆਹੁਤਾ ਤੇ ਉਸਦੇ ਮਾਸੂਮ ਪੁੱਤ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ। ਇਸ ਮਾਮਲੇ 'ਚ ਥਾਣਾ ਝੁਨੀਰ ਪੁਲਸ ਨੇ ਸਹੁਰੇ ਪਰਿਵਾਰ ‘ਚ ਮ੍ਰਿਤਕਾ ਦੇ ਪਤੀ, ਜੇਠ, ਸੱਸ ਅਤੇ ਦੋ ਨਨਾਣਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਘਨੌਣੀ ਵਾਰਦਾਤ ਲਈ ਮ੍ਰਿਤਕਾ ਦੇ ਪਤੀ ਅਤੇ ਉਸਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਨਾਜ਼ਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਪਵਨਦੀਪ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬੁਰਜ, ਥਾਣਾ ਝੁਨੀਰ (ਮਾਨਸਾ) ਨਾਲ ਹੋਇਆ ਸੀ। ਉਸਦੀ ਕੁੱਖੋਂ ਇਕ ਮੁੰਡਾ ਪੈਦਾ ਹੋਇਆ, ਜਿਸ ਦੀ ਉਮਰ ਹੁਣ 10 ਮਹੀਨਿਆਂ ਦੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ
ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਸਹੁਰਾ ਪਰਿਵਾਰ ਹਰ ਸਮੇਂ ਉਨ੍ਹਾਂ ਦੀ ਕੁੜੀ ਕੋਲੋਂ ਦਾਜ ਦੀ ਮੰਗ ਕਰਦੇ ਰਹਿੰਦੇ ਸਨ ਅਤੇ ਹੁਣ ਇੱਕ ਏ. ਸੀ. ਅਤੇ ਕਾਰ ਦੀ ਮੰਗ ਕੀਤੀ ਜਾ ਰਹੀ ਸੀ ਜਦਕਿ ਉਨ੍ਹਾਂ ਨੇ ਵਿਆਹ ਵੇਲੇ ਆਪਣੇ ਵਿੱਤ ਤੋਂ ਜ਼ਿਆਦਾ ਪੈਸਾ ਖ਼ਰਚ ਕਰਕੇ ਬੱਚੀ ਦਾ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਉਨ੍ਹਾਂ ਆਖਿਆ ਕਿ ਹੋਰ ਦਾਜ ਨਾ ਦੇਣ ਦੇ ਕਾਰਨ ਕੁੜੀ ਦੇ ਸਹੁਰਿਆਂ ਵੱਲੋਂ ਉਸਦੀ ਧੀ ਪਵਨਦੀਪ ਕੌਰ ਅਤੇ ਦੋਹਤੇ ਗੁਰਕੀਰਤ ਸਿੰਘ ਨੂੰ ਤੇਲ ਪਾ ਕੇ ਜਿਉਂਦੇ ਸਾੜ ਦਿੱਤਾ ਗਿਆ। ਮਾਨਸਾ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਝੁਨੀਰ ਦੇ ਐੱਸ. ਐੱਚ. ਓ. ਗਨੇਸ਼ਵਰ ਕੁਮਾਰ ਨੇ ਮੁੱਦਈ ਦੇ ਬਿਆਨਾਂ ’ਤੇ ਵਿਆਹੁਤਾ ਦੇ ਪਤੀ, ਜੇਠ, ਸੱਸ ਅਤੇ ਦੋ ਨਨਾਣਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਰਿਕਾਰਡ ਅਨੁਸਾਰ ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਸੱਸ ਸ਼ਿੰਦਰ ਕੌਰ ਪਤਨੀ ਅੰਗਰੇਜ਼ ਸਿੰਘ, ਜੇਠ ਬਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਬੁਰਜ ਭਲਾਈਕੇ, ਨਨਣ ਜਸਪਾਲ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਕਲੀਪੁਰ ਡੁੰਮ ਅਤੇ ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਬਰਨ (ਮਾਨਸਾ) ਦੇ ਖ਼ਿਲਾਫ਼ ਮੁਕੱਦਮਾ ਨੰਬਰ. 44 ਮਿਤੀ 29 ਮਈ, 2023, ਅ/ਧ 304-ਬੀ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਟਕਸਾਲ ਤੇ ਸਤਿਕਾਰ ਕਮੇਟੀ ਨੇ ਚੋਰੀ ਹੋਏ 4 ਪਾਵਨ ਸਰੂਪ ਗੋਰਾ ਬਾਬਾ ਦੇ ਘਰੋਂ ਕੀਤੇ ਬਰਾਮਦ
ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਕੱਲ੍ਹ ਸਵੇਰ ਦੀ ਹੈ। ਵੇਰਵਿਆਂ ਅਨੁਸਾਰ ਘਟਨਾ ਤੋਂ ਬਾਅਦ ਪਵਨਦੀਪ ਕੌਰ ਦਾ ਪਤੀ ਹਰਪ੍ਰੀਤ ਸਿੰਘ ਦੋਵੇਂ ਜਣਿਆਂ (ਮਾਂ-ਪੁੱਤ) ਨੂੰ ਜ਼ਖ਼ਮੀ ਹਾਲਤ ’ਚ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਇਆ, ਜਿੱਥੋਂ ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਰਸਤੇ ਵਿੱਚ ਬੱਚੇ ਦੀ ਮੌਤ ਹੋ ਗਈ ਅਤੇ ਪਵਨਦੀਪ ਕੌਰ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਵਨਦੀਪ ਕੌਰ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਰੱਖਿਆ ਗਿਆ। ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ਾਂ ਨੂੰ ਪਵਨਦੀਪ ਦੇ ਮਾਪਿਆਂ ਨੂੰ ਦਿੱਤੀਆਂ ਗਈਆਂ, ਜਿੰਨ੍ਹਾਂ ਦਾ ਸ਼ਾਮ ਨੂੰ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਧਰ ਹੀ ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸੀਨੀਅਰ ਕਪਤਾਨ ਪੁਲਸ ਡਾ. ਨਾਨਕ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਹਿੰਦੇ ਕਸੂਰਵਾਰਾਂ ਨੂੰ ਜਲਦ ਹੀ ਹਿਰਾਸਤ ਵਿੱਚ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ’ਚ ਮੀਂਹਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
NEXT STORY