ਚੰਡੀਗੜ੍ਹ (ਭੁੱਲਰ) - ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦਾ ਨਾਂ ਬਦਲਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੋਦੀ ਸਰਕਾਰ 'ਚ ਸ਼ਾਮਲ ਹਰਸਿਮਰਤ ਕੌਰ ਬਾਦਲ ਦੀ ਦੇਰੀ ਨਾਲ ਟੁੱਟੀ ਚੁੱਪ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਨੀਂਦ ਦੇਰੀ ਨਾਲ ਖੁੱਲ੍ਹੀ ਹੈ, ਜਦਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਹੋਰ ਪਾਰਟੀਆਂ ਵਲੋਂ ਵਿਰੋਧ ਚਹੁੰ ਪਾਸਿਓਂ ਤਿੱਖਾ ਹੋ ਚੁੱਕਾ ਸੀ। ਬੀਰ ਦਵਿੰਦਰ ਨੇ ਕਿਹਾ ਕਿ ਹੁਣ ਦੇਰੀ ਨਾਲ ਸੁਖਬੀਰ ਤੇ ਹਰਸਿਮਰਤ ਵਲੋਂ ਲਿਖੀਆਂ ਦੋ ਚਿੱਠੀਆਂ ਕੇਵਲ ਗੋਂਗਲੂਆਂ ਤੋਂ ਮਿੱਟੀ ਝਾੜਨ' ਵਾਲੀ ਗੱਲ ਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਪਿੱਠ ਭੂਮੀ ਵਿਚੋਂ, ਸਿੱਖ ਘੱਟ ਗਿਣਤੀ ਦੇ ਵਿਰਾਸਤੀ ਪ੍ਰਤੀਕਾਂ ਨੂੰ ਮਿਟਾਉਣ ਦੀ, ਬੀ. ਜੇ. ਪੀ. ਅਤੇ ਆਰ. ਐੱਸ. ਐੱਸ. ਦੀ ਘਿਨਾਉਣੀ ਸਾਜ਼ਿਸ਼ ਨੂੰ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ।
ਇਹ ਗੱਲ ਵੀ ਸਪੱਸ਼ਟ ਤੌਰ 'ਤੇ ਨਜ਼ਰ ਆ ਰਹੀ ਹੈ ਕਿ ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਦੀ ਗਵਰਨਿੰਗ ਬਾਡੀ ਦੇ ਪ੍ਰਧਾਨ ਅਮਿਤਾਬ ਸਿਨਹਾ, ਭਾਰਤੀ ਜਨਤਾ ਪਾਰਟੀ ਦੇ ਕੌਮੀ ਨੇਤਾ ਹਨ ਅਤੇ ਉਨ੍ਹਾਂ ਨੇ ਇਸ ਵਿਰਾਸਤੀ ਕਾਲਜ ਦਾ ਨਾਂ ਬਦਲਣ ਤੋਂ ਪਹਿਲਾਂ, ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਇਸ ਘਿਨਾਉਣੀ ਸਾਜ਼ਿਸ਼ ਵਿਚ ਸ਼ਾਮਲ ਕਰਕੇ ਉਨ੍ਹਾਂ ਤੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਗਾਊਂ ਮਨਜ਼ੂਰੀ ਲੈ ਲਈ ਹੈ। ਇਸ ਲਈ ਇਹ ਮਾਮਲਾ ਹੁਣ ਅਤਿ ਗੰਭੀਰ ਹੋ ਗਿਆ ਹੈ ਤੇ ਦੋ ਚਿੱਠੀਆਂ ਲਿਖਣ ਨਾਲ ਇਸ ਮਾਮਲੇ ਦਾ ਹੱਲ ਹੋਣ ਵਾਲਾ ਨਹੀਂ।
ਉਨ੍ਹਾਂ ਕਿਹਾ ਕਿ ਕੀ ਅਕਾਲੀ ਦਲ ਆਪਣੇ ਸਾਰੇ ਐੱਮ. ਐੱਲ. ਏਜ਼ ਅਤੇ ਐੱਮ. ਪੀਜ਼ ਦਾ ਇੱਕ ਉੱਚ ਪੱਧਰੀ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਪਣੇ ਹਮਰੁਤਬਾ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਨਹੀਂ ਮਿਲ ਸਕਦੇ? ਜਾਂ ਇਨ੍ਹਾਂ ਦੀ ਇੱਛਾ ਸ਼ਕਤੀ ਤੇ ਸੰਕਲਪ ਹੁਣ ਚਿੱਠੀਆਂ ਤੱਕ ਹੀ ਸੀਮਤ ਹੋ ਗਏ ਹਨ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਸੋਸ਼ਲ ਮੀਡੀਆ 'ਤੇ ਸਿਰਫ ਇਕ ਟਵੀਟ ਕਰਨ ਨਾਲ ਇਹ ਮਾਮਲਾ ਹੱਲ ਹੋਣ ਵਾਲਾ ਨਹੀਂ। ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੇਂਦਰ 'ਤੇ ਦਬਾਅ ਪਾਉਣ।
ਤੇਜ਼ਾਬ ਪੀੜਤਾਂ ਦਾ ਦਰਦ ਚਾਰ ਵਰ੍ਹਿਆਂ ਤੋਂ ਨਹੀਂ ਮਿਲਿਆ ਮੈਡੀਕਲ ਭੱਤਾ
NEXT STORY