ਸਾਊਥੰਪਟਨ (ਏ. ਪੀ.)– ਇੰਗਲੈਂਡ ਨੇ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਵਨ ਡੇ ਵਿਚ ਦੱਖਣੀ ਅਫਰੀਕਾ ਨੂੰ 342 ਦੌੜਾਂ ਨਾਲ ਹਰਾ ਕੇ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਸਕੋਰ ਨਾਲ ਜਿੱਤ ਹਾਸਲ ਕੀਤੀ। ਹਾਲਾਂਕਿ ਦੱਖਣੀ ਅਫਰੀਕਾ ਨੇ ਲੜੀ 2-1 ਨਾਲ ਜਿੱਤੀ।
ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ 4 ਵਿਕਟਾਂ ਲਈਆਂ। ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਲੜੀ ਵਿਚ ਕਲੀਨ ਸਵੀਪ ਕਰਨ ਤੋਂ ਰੋਕ ਕੇ ਆਪਣਾ ਵੱਕਾਰ ਬਚਾਇਆ। ਟਾਸ ਗਵਾ ਕੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇੰਗਲੈਂਡ ਨੇ ਜੈਕਬ ਬੈਥੇਲ (110) ਤੇ ਜੋ ਰੂਟ (100) ਦੇ ਸ਼ਾਨਦਾਰ ਸੈਂਕੜਿਆਂ ਅਤੇ ਜੈਮੀ ਸਮਿਥ (62) ਤੇ ਜੋਸ ਬਟਲਰ (ਅਜੇਤੂ 62) ਦੇ ਅਰਧ ਸੈਂਕੜਿਆਂ ਦੀ ਬਦੌਲਤ 5 ਵਿਕਟ ’ਤੇ 414 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 20.5 ਓਵਰਾਂ ਵਿਚ ਸਿਰਫ 72 ਦੌੜਾਂ ’ਤੇ ਆਊਟ ਹੋ ਗਈ। ਆਰਚਰ ਨੇ ਆਪਣੇ ਪਹਿਲੇ 5 ਓਵਰਾਂ ਵਿਚ ਸਿਰਫ 5 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ 9 ਓਵਰਾਂ ਵਿਚ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਦੌੜਾਂ ਦੇ ਲਿਹਾਜ਼ ਜਨਾਲ ਸਭ ਤੋਂ ਵੱਡੀ ਜਿੱਤ ਦਾ ਪਿਛਲਾ ਰਿਕਾਰਡ ਭਾਰਤ ਦੇ ਨਾਂ ਸੀ, ਜਿਸ ਨੇ 2023 ਵਿਚ ਸ਼੍ਰੀਲੰਕਾ ਵਿਰੁੱਧ 317 ਦੌੜਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਕਾਫੀ ਟੀਮਾਂ ਸਭ ਤੋਂ ਵੱਧ ਵਿਕਟਾਂ (10) ਨਾਲ ਜਿੱਤ ਚੁੱਕੀਆਂ ਹਨ ਪਰ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਲਈ ਜੈਮੀ ਸਮਿਥ ਤੇ ਬੇਨ ਡਕੇਟ ਨੇ ਪਹਿਲੀ ਵਿਕਟ ਲਈ 59 ਦੌੜਾਂ ਜੋੜੀਆਂ। 9ਵੇਂ ਓਵਰ ਵਿਚ ਕਾਰਬਿਨ ਬਾਸ਼ ਨੇ ਬੇਨ ਡਕੇਟ (31) ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਜੋ ਰੂਟ ਨੇ ਜੈਮੀ ਸਮਿਥ ਦੇ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 58 ਦੌੜਾਂ ਜੋੜੀਆਂ।
17ਵੇਂ ਓਵਰ ਵਿਚ ਕੇਸ਼ਵ ਮਹਾਰਾਜ ਨੇ ਜੈਮੀ ਸਮਿਥ ਨੂੰ ਆਊਟ ਕਰ ਕੇ ਪੈਵੇਲੀਅਨ ਭੇਜ ਦਿੱਤਾ। ਜੈਮੀ ਸਮਿਥ ਨੇ 48 ਗੇਂਦਾਂ ਵਿਚ 9 ਚੌਕੇ ਤੇ 1 ਛੱਕਾ ਲਾਉਂਦੇ ਹੋਏ 62 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜੈਕੇਬ ਬੈਥੇਲ ਨੇ ਜੋ ਰੂਟ ਦੇ ਨਾਲ ਮੋਰਚਾ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ 182 ਦੌੜਾਂ ਦੀ ਸਾਂਝੇਦਾਰੀ ਹੋਈ। ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਹਮਲਾਵਰ ਬੱਲੇਬਾਜ਼ੀ ਕਰ ਰਹੇ ਜੈਕੇਬ ਬੈਥੇਲ ਨੂੰ 41ਵੇਂ ਓਵਰ ਵਿਚ ਕੇਸ਼ਵ ਮਹਾਰਾਜ ਨੇ ਆਪਣਾ ਸ਼ਿਕਾਰ ਬਣਾ ਲਿਆ। ਬੈਥੇਲ ਨੇ 82 ਗੇਂਦਾਂ ਵਿਚ 13 ਚੌਕੇ ਤੇ 3 ਛੱਕੇ ਲਾਉਂਦੇ ਹੋਏ 110 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਕਪਤਾਨ ਹੈਰੀ ਬਰੂਕ (3) ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। 47ਵੇਂ ਓਵਰ ਵਿਚ ਕਾਰਬਿਨ ਬਾਸ਼ ਨੇ ਜੋ ਰੂਟ ਨੂੰ ਆਊਟ ਕਰ ਕੇ ਦੱਖਣੀ ਅਫਰੀਕਾ ਨੂੰ 5ਵੀਂ ਸਫਲਤਾ ਦਿਵਾਈ। ਜੋ ਰੂਟ ਨੇ 96 ਗੇਂਦਾਂ ਵਿਚ 6 ਚੌਕੇ ਲਾਉਂਦੇ ਹੋਏ 100 ਦੌੜਾਂ ਬਣਾਈਆਂ।
ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ਵਿਚ 5 ਵਿਕਟਾਂ ’ਤੇ 414 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜੋਸ ਬਟਲਰ ਨੇ 32 ਗੇਂਦਾਂ ਵਿਚ 8 ਚੌਕੇ ਤੇ 1 ਛੱਕਾ ਲਾਉਂਦੇ ਹੋਏ ਅਜੇਤੂ 62 ਦੌੜਾਂ ਦੀ ਪਾਰੀ ਖੇਡੀ। ਵਿਲ ਜੈਕਸ 8 ਗੇਂਦਾਂ ਵਿਚ 19 ਦੌੜਾਂ ਬਣਾ ਕੇ ਅਜੇਤੂ ਰਿਹਾ। ਦੱਖਣੀ ਅਫਰੀਕਾ ਵੱਲੋਂ ਕਾਰਬਿਨ ਬਾਸ਼ ਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ।
ਯੁਵਰਾਜ ਸਿੰਘ ਨੇ ਕੀਤੀ ਅੰਮ੍ਰਿਤਸਰ DC ਸਾਕਸ਼ੀ ਸਾਹਨੀ ਦੀ ਸ਼ਲਾਘਾ
NEXT STORY