ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਜੈਨ, ਸ਼ੈਰੀ, ਪਰਮਜੀਤ, ਮਨਦੀਪ, ਕੁਲਦੀਪ) - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਕਿਹਾ ਹੈ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਭਾਰਤ ਦੀ ਇਕ ਇੰਚ ਧਰਤੀ ਵੀ ਦੁਸ਼ਮਣ ਕੋਲ ਨਾ ਜਾਵੇ। ਹੁਸੈਨੀਵਾਲਾ ਕੌਮਾਂਤਰੀ ਸਰਹੱਦ 'ਤੇ ਬਣੇ 280 ਫੁੱਟ ਲੰਬੇ ਪੁਲ ਨੂੰ ਰਾਸ਼ਟਰ ਨੂੰ ਸਮਰਪਤ ਕਰਨ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਦੀ ਫੌਜ ਦੇਸ਼ਵਾਸੀਆਂ ਦੀ ਸੁਰੱਖਿਆ ਦੇ ਨਾਲ-ਨਾਲ ਵਿਕਾਸ ਕਾਰਜਾਂ ਵਿਚ ਵੀ ਹੱਥ ਵੰਡਾਉਂਦੀ ਹੈ।
ਇਸੇ ਲੜੀ ਅਧੀਨ ਹੁਸੈਨੀਵਾਲਾ ਵਿਖੇ ਫੌਜ ਵਲੋਂ ਸਤਲੁਜ ਦਰਿਆ 'ਤੇ ਪੁਲ ਦੀ ਉਸਾਰੀ ਕੀਤੀ ਗਈ ਹੈ। 1971 ਦੀ ਹਿੰਦ-ਪਾਕਿ ਜੰਗ ਦੌਰਾਨ ਇਹ ਪੁਲ ਢਹਿ-ਢੇਰੀ ਹੋ ਗਿਆ ਸੀ। ਦਹਾਕਿਆਂ ਤੋਂ ਆਰਜ਼ੀ ਪੁਲ ਨਾਲ ਕੰਮ ਚਲਾਇਆ ਜਾ ਰਿਹਾ ਸੀ। ਹੁਣ ਇਸ ਪੁਲ ਦੇ ਬਣਨ ਨਾਲ ਜਿਥੇ ਫੌਜ, ਬੀ. ਐੱਸ. ਐੱਫ. ਅਤੇ ਸਥਾਨਕ ਪ੍ਰਸ਼ਾਸਨ ਨੂੰ ਲਾਭ ਪੁੱਜੇਗਾ, ਉਥੇ ਦਰਿਆ ਪਾਰ ਵਸੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਦੇਸ਼ ਨਾਲ ਜੁੜਨ ਦਾ ਰਾਹ ਸੌਖਾ ਹੋ ਜਾਵੇਗਾ। ਇਸ ਪੁਲ ਨੂੰ ਬਣਾਉਣ 'ਤੇ 2 ਕਰੋੜ 48 ਲੱਖ ਰੁਪਏ ਦੀ ਲਾਗਤ ਆਈ ਹੈ। ਸਭ ਤੋਂ ਵਧੀਆ ਗੱਲ ਇਹ ਰਹੀ ਕਿ ਇਸ ਪੁਲ ਨੂੰ ਬਣਾਉਣ ਦੌਰਾਨ ਪੇਂਡੂਆਂ ਦਾ ਰਾਹ ਬੰਦ ਨਹੀਂ ਕੀਤਾ ਗਿਆ। ਹੁਣ ਪੁਲ ਦੇ ਬਣ ਜਾਣ ਨਾਲ ਇਲਾਕੇ ਦਾ ਹੋਰ ਵਿਕਾਸ ਹੋਵੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਸਿਰਫ ਦੇਸ਼ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਨਹੀਂ ਸੰਭਾਲਦੀ ਸਗੋਂ ਰਾਸ਼ਟਰ ਦੇ ਵਿਕਾਸ ਲਈ ਵੱਖ-ਵੱਖ ਪ੍ਰਾਜੈਕਟਾਂ ਨੂੰ ਵੀ ਮੁਕੰਮਲ ਕਰਦੀ ਹੈ। ਸਰਹੱਦੀ ਸੜਕ ਸੰਗਠਨ ਵਲੋਂ ਹੁਣ ਤਕ 52 ਹਜ਼ਾਰ ਕਿਲੋਮੀਟਰ ਸੜਕਾਂ, 650 ਪੱਕੇ ਪੁਲ ਅਤੇ 19 ਹਵਾਈ ਪੱਟੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਪੂਰਬ ਤੇ ਪੱਛਮ ਵਿਚ ਲਗਭਗ 22803 ਕਿਲੋਮੀਟਰ ਲੰਬੀਆਂ 530 ਸੜਕਾਂ ਨੂੰ ਸਿੰਗਲ ਤੋਂ ਡਬਲ ਕਰਨ ਦਾ ਕੰਮ ਫੌਜ ਵਲੋਂ ਕੀਤਾ ਜਾ ਰਿਹਾ ਹੈ। ਇਹ ਸੰਗਠਨ ਦੇਸ਼ ਦੇ ਔਖੇ ਪਹਾੜੀ ਇਲਾਕਿਆਂ ਵਿਚ ਸੜਕਾਂ, ਹਵਾਈ ਪਟੜੀਆਂ ਅਤੇ ਪੁਲਾਂ ਤੋਂ ਬਰਫ ਨੂੰ ਹਟਾਉਣ ਦਾ ਕੰਮ ਕਰਦਾ ਹੈ ਤਾਂ ਜੋ ਇਨ੍ਹਾਂ ਖੇਤਰਾਂ ਦਾ ਦੇਸ਼ ਨਾਲ ਸੰਪਰਕ ਬਣਿਆ ਰਹੇ। ਰੋਹਤਾਂਗ ਵਿਖੇ 8.80 ਕਿਲੋਮੀਟਰ ਲੰਬੀ ਸੁਰੰਗ ਦੀ ਉਸਾਰੀ ਸਰਹੱਦੀ ਸੜਕ ਸੰਗਠਨ ਵਲੋਂ ਕੀਤੀ ਗਈ ਹੈ।
ਕੌਮਾਂਤਰੀ ਹਿੰਦ-ਪਾਕਿ ਸਰਹੱਦ ਤੋਂ ਕੁਝ ਦੂਰੀ 'ਤੇ ਹੀ ਜਵਾਨਾਂ ਨਾਲ ਹੱਥ ਮਿਲਾਉਂਦੇ ਹੋਏ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਥੇ ਨਿਯੁਕਤ ਜਵਾਨ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਉਸ ਧਰਤੀ 'ਤੇ ਤਾਇਨਾਤ ਕੀਤਾ ਗਿਆ ਹੈ, ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਰਗੇ 3 ਮਹਾਨ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਇਥੋਂ ਦੀ ਮਿੱਟੀ ਪਵਿੱਤਰ ਹੈ। ਜਵਾਨਾਂ ਨੂੰ ਪੂਰੀ ਮਿਹਨਤ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਨਾਲ ਹੀ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ।
ਅਧਿਕਾਰੀਆਂ ਤੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਫੌਜ ਵਧੀਆ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਜਵਾਨਾਂ ਤੇ ਅਧਿਕਾਰੀਆਂ ਨਾਲ 'ਵੈਸਟਰਨ ਕਾਂਡ ਜ਼ਿੰਦਾਬਾਦ' ਦੇ ਨਾਅਰੇ ਲਾਏ। ਇਸ ਮੌਕੇ 'ਤੇ ਲੈਫ. ਜਨਰਲ ਹਰਪਾਲ ਸਿੰਘ, ਸੁਰਿੰਦਰ ਸਿੰਘ, ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਗੁਰਜਰ, ਆਈ. ਜੀ . ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐੱਸ. ਐੱਸ. ਪੀ. ਪ੍ਰੀਤਮ ਸਿੰਘ, ਐੱਸ. ਪੀ. ਐੱਚ. ਮਨਵਿੰਦਰ ਸਿੰਘ ਸਮੇਤ ਫੌਜ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
...ਜਦੋਂ ਸ਼ਹੀਦਾਂ ਦੀ ਯਾਦਗਾਰ ਵਿਖੇ ਰੱਖਿਆ ਮੰਤਰੀ ਦੀਆਂ ਅੱਖਾਂ ਹੋ ਗਈਆਂ ਨਮ
ਰੱਖਿਆ ਮੰਤਰੀ ਨੇ ਕਿਹਾ ਕਿ ਬੀਤੇ 8 ਮਹੀਨਿਆਂ ਦੌਰਾਨ ਉਨ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਬਾਰਡਰ ਦੇਖੇ ਹਨ ਪਰ ਫਿਰੋਜ਼ਪੁਰ ਦੇ ਬਾਰਡਰ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਹੈ। ਜਦੋਂ ਉਹ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੀ ਸੀ ਤਾਂ ਉਹ ਭਾਵੁਕ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਰੱਖਿਆ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਛੋਟੀ ਉਮਰ ਵਿਚ ਹੀ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ। ਇਨ੍ਹਾਂ ਸ਼ਹੀਦਾਂ ਨੂੰ ਉਹ ਪ੍ਰਣਾਮ ਕਰਦੀ ਹੈ। ਉੇਨ੍ਹਾਂ ਸ਼ਹੀਦਾਂ ਦੀ ਯਾਦਗਾਰ 'ਤੇ ਵਿਜ਼ਟਰ ਬੁੱਕ 'ਤੇ ਅੱਜ ਦੇ ਦੌਰੇ ਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਲਿਖੇ।
4 ਮਹੀਨੇ ਪਹਿਲਾਂ ਵਿਆਹੀ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ (ਤਸਵੀਰਾਂ)
NEXT STORY