ਜਲਾਲਾਬਾਦ (ਸੇਤੀਆ)— ਇਥੋਂ ਦੇ ਨੇੜੇ ਪੈਂਦੇ ਪਿੰਡ ਸੂਰਪੁਰੀ ਦੀ ਸੇਮਨਾਲਾ ਤੋਂ ਇਕ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਕਿਸੇ ਰਾਹਗੀਰ ਨੇ ਉਕਤ ਸਥਾਨ 'ਤੇ ਪਈ ਵਿਆਹੁਤਾ ਦੀ ਲਾਸ਼ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਲੜਕੀ ਦੀ ਪਛਾਣ ਕੈਲਾਸ਼ ਦੇ ਰੂਪ 'ਚ ਹੋਈ ਹੈ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਘੁਬਾਇਆ ਪਿੰਡ ਦੀ ਰਹਿਣ ਵਾਲੀ ਕੈਲਾਸ਼ ਦਾ ਇਹ ਦੂਜਾ ਵਿਆਹ ਸੀ। ਪਹਿਲਾ ਵਿਆਹ ਉਸ ਦਾ ਪਿੰਡ ਚੱਕ ਪੱਖੀ ਵਿਖੇ ਦਰਸ਼ਨ ਸਿੰਘ ਦੇ ਪੁੱਤਰ ਨਾਲ ਹੋਇਆ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਹੀ ਕੈਲਾਸ਼ ਦਾ ਵਿਆਹ ਪਿੰਡ ਟਾਵ ਘੜਿਆਲ ਦੇ ਕਸ਼ਮੀਰ ਸਿੰਘ ਦੇ ਪੁੱਤਰ ਅਮਨਦੀਪ ਸਿੰਘ ਨਾਲ ਹੋਇਆ ਸੀ। ਵਿਆਹੁਤਾ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਵੱਢਣ ਦੇ ਨਿਸ਼ਾਨ ਪਾਏ ਗਏ ਹਨ।

ਜਦੋਂ ਇਸ ਸਬੰਧੀ ਵੈਰੋਕੇ ਦੇ ਥਾਣਾ ਮੁਖੀ ਲੇਖਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਉਸ ਦੇ ਪਤੀ ਅਮਨਦੀਪ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਜਸਪਾਲ ਸਿੰਘ ਵੱਲੋਂ ਇਸ ਕਤਲ ਕਾਂਡ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਧੋਖਾਦੇਹੀ ਦੇ ਮਾਮਲੇ ’ਚ 4 ਵਿਰੁੱਧ ਕੇਸ ਦਰਜ
NEXT STORY