ਬਠਿੰਡਾ(ਵਰਮਾ)-ਤੇਜ਼ੀ ਨਾਲ ਫੈਲ ਰਹੀ ਡੇਂਗੂ ਦੀ ਬੀਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿਚ ਸਾਰੇ ਬੈੱਡ ਡੇਂਗੂ ਦੀ ਬੀਮਾਰੀ ਤੇ ਵਾਇਰਲ ਬੁਖਾਰ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਤਿੰਨ ਹਫਤਿਆਂ ਵਿਚ ਮਰੀਜ਼ਾਂ ਦੀ ਗਿਣਤੀ 'ਚ ਤਿੰਨ ਗੁਣਾ ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ ਹੈ। ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਵਿਚ ਹਜ਼ਾਰਾਂ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ ਅਤੇ ਹੁਣ ਤੱਕ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 30 ਸਤੰਬਰ ਨੂੰ ਮਰੀਜ਼ਾਂ ਦੀ ਗਿਣਤੀ 2 ਹਜ਼ਾਰ ਸੀ। 12 ਅਕਤੂਬਰ ਨੂੰ ਇਹ 2500 ਪਹੁੰਚ ਗਈ ਅਤੇ 26 ਅਕਤੂਬਰ ਤੱਕ ਮਰੀਜ਼ਾਂ ਦਾ ਅੰਕੜਾ 6500 ਤੱਕ, 30 ਅਕਤੂਬਰ ਨੂੰ ਅੰਕੜਾ 8000 ਪਾਰ ਕਰ ਗਿਆ। ਹਰ ਰੋਜ਼ ਔਸਤ 350 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਡੇਂਗੂ ਦਾ ਸਭ ਤੋਂ ਜ਼ਿਆਦਾ ਕਹਿਰ ਮੋਹਾਲੀ ਜ਼ਿਲੇ ਵਿਚ ਹੈ, ਜਿਥੇ ਹੁਣ ਤੱਕ 1263 ਮਰੀਜ਼ ਸਾਹਮਣੇ ਆ ਚੁੱਕੇ ਹਨ। ਬਠਿੰਡਾ ਜ਼ਿਲੇ ਵਿਚ ਸਰਕਾਰੀ ਹਸਪਤਾਲਾਂ ਵਿਚ ਹੁਣ ਤੱਕ 340 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੇ ਨਿਰਦੇਸ਼ਾਂ 'ਤੇ ਡੇਂਗੂ ਦੇ ਡੰਗ ਤੋਂ ਬਚਣ ਲਈ ਸਾਰੇ ਬੈੱਡਾਂ 'ਤੇ ਮੱਛਰਦਾਨੀਆਂ ਲਾ ਦਿੱਤੀਆਂ ਗਈਆਂ ਹਨ।
ਬਠਿੰਡਾ ਵਿਚ 147 ਕੇਸ, 105 ਦੇ ਕੱਟੇ ਚਲਾਨ
ਹੁਣ ਤੱਕ ਜ਼ਿਲਾ ਹਸਪਤਾਲ ਵਿਚ ਡੇਂਗੂ ਦੇ ਸ਼ੱਕੀ 178 ਮਾਮਲੇ ਸਾਹਮਣੇ ਆਏ ਹਨ, ਹਸਪਤਾਲ ਪ੍ਰਸ਼ਾਸਨ ਮੁਤਾਬਕ ਇਨ੍ਹਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਲੋਕਾਂ ਦੇ ਘਰਾਂ ਅਤੇ ਹੋਰ ਹਿੱਸਿਆਂ ਵਿਚ ਡੇਂਗੂ ਦਾ ਲਾਰਵਾ ਪਾਏ ਜਾਣ 'ਤੇ ਅਜੇ ਤੱਕ ਸਿਹਤ ਵਿਭਾਗ ਵੱਲੋਂ 150 ਚਲਾਨ ਕੱਟੇ ਗਏ ਹਨ। ਰਾਮਪੁਰਾ ਵਿਚ 40 ਲੋਕਾਂ ਦੇ ਚਲਾਨ ਕੱਟੇ ਗਏ ਹਨ। ਡਾ. ਸਿੰਘ ਦਾ ਕਹਿਣਾ ਹੈ ਕਿ ਸਤੰਬਰ-ਅਕਤੂਬਰ ਵਿਚ ਲੋਕ ਕੂਲਰ ਦਾ ਇਸਤੇਮਾਲ ਬੰਦ ਕਰ ਦਿੰਦੇ ਹਨ। ਅਜਿਹੇ ਵਿਚ ਕਈ ਵਾਰ ਕੂਲਰਾਂ ਵਿਚ ਪਾਣੀ ਜਮ੍ਹਾ ਰਹਿੰਦਾ ਹੈ, ਇਸ ਨਾਲ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਰਕਾਰੀ ਹਸਪਤਾਲ ਵਿਚ ਫਲਿਊਡ ਦੀ ਕਮੀ
ਡੇਂਗੂ ਮਰੀਜ਼ਾਂ ਲਈ ਪੂਰੀ ਤਰ੍ਹਾਂ ਤਿਆਰੀ ਦੇ ਦਾਅਵੇ ਕਰਨ ਵਾਲੇ ਸਿਹਤ ਵਿਭਾਗ ਦੀ ਪੋਲ ਖੁੱਲ੍ਹ ਗਈ ਹੈ। ਦੋਵੇਂ ਵਾਰਡ ਫੁੱਲ ਹੋ ਚੁੱਕੇ ਹਨ, ਮਜਬੂਰਨ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਤੋਂ ਬਾਹਰ ਦਾ ਰਸਤਾ ਦੇਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਿਵਲ ਹਸਪਤਾਲ ਵਿਚ ਡੇਂਗੂ ਦੇ ਮਰੀਜ਼ਾਂ ਲਈ ਦੋ ਵਾਰਡ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿਚ 16 ਬੈੱਡ ਹਨ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਥੇ 40 ਮਰੀਜ਼ ਆਪਣਾ ਇਲਾਜ ਕਰਵਾ ਰਹੇ ਸਨ। ਭਰਤੀ ਮਰੀਜ਼ਾਂ ਵਿਚ ਇਕ ਰਾਮਪੁਰਾ ਫੂਲ ਦਾ ਰਹਿਣਾ ਵਾਲਾ ਹੈ, ਜਦਕਿ ਹੋਰ ਸਾਰੇ ਬਠਿੰਡਾ ਦੇ ਸਥਾਨਕ ਵਾਸੀ ਹਨ। ਹਸਪਤਾਲ ਸਟਾਫ ਨੇ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਡੀ-5 ਅਤੇ ਐਂਟੀਬਾਇਓਟੈੱਕ ਦਵਾਈ ਸਟਾਕ ਵਿਚ ਮੁਹੱਈਆ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ 4 ਤੋਂ 5 ਤਰ੍ਹਾਂ ਦਾ ਫਲਿਊਡ ਚੜ੍ਹਾਉਣਾ ਪੈਂਦਾ ਹੈ। ਸਿਵਲ ਸਰਜਨ ਡਾਕਟਰ ਐੱਚ. ਐੱਨ. ਸਿੰਘ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ 'ਚ ਫਲਿਉੂਡ ਦੀ ਕਮੀ ਹੈ, ਉਸ ਦੇ ਆਰਡਰ ਦੇ ਦਿੱਤੇ ਗਏ ਹਨ।
ਸ਼ਾਰਟ ਸਰਕਟ ਨਾਲ ਰੂੰ ਫੈਕਟਰੀ 'ਚ ਲੱਗੀ ਅੱਗ ਲੱਖਾਂ ਦਾ ਨੁਕਸਾਨ
NEXT STORY