ਅੰਮ੍ਰਿਤਸਰ, (ਜਸ਼ਨ)- ਪਿਛਲੇ 4 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਪਰ ਪੁੱਡਾ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਹੇ। ਇਸ ਕਾਲੋਨੀ ਵਿਚ ਹਾਲਾਤ ਇਹ ਹਨ ਕਿ ਪਹਿਲੀ ਮੰਜ਼ਿਲ ਦੇ ਘਰਾਂ ਵਿਚ ਤਾਂ ਪਾਣੀ ਟੂਟੀਆਂ ’ਚੋਂ ਗਾਇਬ ਹੈ ਅਤੇ ਗਰਾਊਂਡ ਫਲੋਰ ’ਤੇ ਕੁਝ ਕੁ ਘਰਾਂ ਵਿਚ ਜੋ ਪਾਣੀ ਆ ਰਿਹਾ ਹੈ ਉਹ ਇੰਨਾ ਆਇਰਨ-ਯੁਕਤ ਅਤੇ ਬਦਬੂਦਾਰ ਹੈ ਕਿ ਉਸ ਨੂੰ ਪੀਣਾ ਤਾਂ ਦੂਰ, ਉਸ ਨਾਲ ਨਹਾਉਣ ’ਤੇ ਕਈ ਬੀਮਾਰੀਆਂ ਲੱਗਣੀਆਂ ਤੈਅ ਹਨ। ਲੋਕਾਂ ਨੇ ਇਸ ਸਬੰਧੀ ਕਈ ਵਾਰ ਉੱਚ ਅਹੁਦੇਦਾਰਾਂ ਤੇ ਇਲਾਕੇ ਦੇ ਕੌਂਸਲਰ ਨੂੰ ਸ਼ਿਕਾਇਤ ਵੀ ਕੀਤੀ ਪਰ ਹੁਣ ਤੱਕ ਨਤੀਜਾ ਜ਼ੀਰੋ ਹੀ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਾਬਕਾ ਹਲਕਾ ਵਿਧਾਇਕ ਅਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨੇ ਉਕਤ ਟਿਊਬਵੈੱਲ ਨੂੰ ਲਵਾਇਆ ਸੀ ਪਰ ਵਰਤਮਾਨ ਸਰਕਾਰ ਅਤੇ ਪੁੱਡਾ ਪ੍ਰਸ਼ਾਸਨ ਕੋਲ ਇੰਨੀ ਰਾਸ਼ੀ ਨਹੀਂ ਹੈ ਕਿ ਉਹ ਇਕ ਟਿਊਬਵੈੱਲ ਨੂੰ ਠੀਕ ਕਰਵਾ ਕੇ ਪਾਣੀ ਦੀ ਬਹਾਲੀ ਕਾਇਮ ਰੱਖ ਸਕੇ। ਅਖੀਰ ਕਾਲੋਨੀ ਵਾਸੀਆਂ ਨੇ ਪੁੱਡਾ ਤੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਹੁਣ ਵੀ ਪੁੱਡਾ ਨੇ ਪੀਣ ਵਾਲੇ ਪਾਣੀ ਸਮੱਸਿਆ ਦਾ ਹੱਲ ਇਕ ਹਫ਼ਤੇ ਵਿਚ ਨਾ ਕੀਤਾ ਤਾਂ ਉਹ ਫਿਰ ਸਡ਼ਕਾਂ ’ਤੇ ਧਰਨੇ-ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਤੇ ਇਸ ਤੋਂ ਨਿਕਲਣ ਵਾਲੇ ਨਤੀਜੇ ਦੇ ਜ਼ਿੰਮੇਵਾਰ ਪੁੱਡਾ ਤੇ ਜ਼ਿਲਾ ਪ੍ਰਸ਼ਾਸਨ ਹੀ ਹੋਵੇਗਾ। ਇਸ ਸਬੰਧੀ ਪੁੱਡਾ ਦੇ ਕੁਝ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ।
ਪਲਾਈਵੁੱਡ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦੀ ਲੱਕਡ਼ ਸਡ਼ ਕੇ ਸੁਆਹ
NEXT STORY