ਜਲੰਧਰ/ਕਪੂਰਥਲਾ (ਅਨਿਲ ਪਾਹਵਾ)-ਸਾਲ 2023 ’ਚ ਮਾਨਵਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨਾਲ ਜੁੜੇ ਇਕ ਵੱਡੇ ਮਾਮਲੇ 'ਚ ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਜੱਜ ਅਦਾਲਤ ਨੇ ਪੰਜਾਬ ਪੁਲਸ ਦੇ ਤਿੰਨ ਅਧਿਕਾਰੀਆਂ ਨੂੰ ਕੇਸ ’ਚੋਂ ਡਿਸਚਾਰਜ ਕਰਨ ਦਾ ਫ਼ੈਸਲਾ ਸੁਣਾਇਆ ਹੈ। ਇਹ ਮਾਮਲਾ ਉਕਤ ਢਿੱਲੋਂ ਬ੍ਰਦਰਜ਼ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਖ਼ੁਦਕੁਸ਼ੀ ਨਾਲ ਜੁੜਿਆ ਮਾਮਲਾ ਸੀ, ਜਿਸ ’ਚ ਪੰਜਾਬ ਪੁਲਸ ਦੇ ਹੀ ਤਿੰਨ ਅਧਿਕਾਰੀਆਂ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਬੇਸ਼ੱਕ ਇਨ੍ਹਾਂ ਅਧਿਕਾਰੀਆਂ ਵੱਲੋਂ ਸ਼ੁਰੂ ਤੋਂ ਹੀ ਮਾਮਲੇ ਨੂੰ ਗਲਤ ਦੱਸਿਆ ਜਾ ਰਿਹਾ ਸੀ ਅਤੇ ਢਿੱਲੋਂ ਬ੍ਰਦਰਜ਼ ਦੀ ਮੌਤ ਤੋਂ ਖ਼ੁਦ ਨੂੰ ਵੱਖ ਕੀਤਾ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਉਸ ਸਮੇਂ ਜਲੰਧਰ ਦੇ ਥਾਣਾ ਡਿਵੀਜ਼ਨ ਨੰ. 1 'ਚ ਤਾਇਨਾਤ ਐੱਸ. ਐੱਚ. ਓ. ਨਵਦੀਪ ਸਿੰਘ, ਐੱਸ. ਆਈ. ਬਲਵਿੰਦਰ ਕੁਮਾਰ ਅਤੇ ਕਾਂਸਟੇਬਲ ਜਗਜੀਤ ਕੌਰ ਵਿਰੁੱਧ ਪੁਲਸ ਨੇ ਧਾਰਾ 306, 506 ਅਤੇ 34 ਦੇ ਅਧੀਨ ਮਾਮਲਾ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਪੁਲਸ ਅਧਿਕਾਰੀਆਂ 'ਤੇ ਲੱਗੇ ਸਨ ਮਾਨਸਿਕ ਪ੍ਰੇਸ਼ਾਨੀ ਦੇ ਦੋਸ਼
ਇਨ੍ਹਾਂ ਪੁਲਸ ਅਧਿਕਾਰੀਆਂ 'ਤੇ ਦੋਸ਼ ਲਾਇਆ ਗਿਆ ਸੀ ਕਿ ਢਿੱਲੋਂ ਬ੍ਰਦਰਜ਼ ਨੂੰ ਪੁਲਸ ਡਿਵੀਜ਼ਨ ਨੰ. 1 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਦੇ ਅਗਲੇ ਦਿਨ ਦੋਵਾਂ ਨੇ ਗੋਇੰਦਵਾਲ ਪੁਲ ਨੇੜੇ ਬਿਆਸ ਦਰਿਆ 'ਚ ਛਾਲ ਮਾਰ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਸੀ। ਜਸ਼ਨਬੀਰ ਦੀ ਮ੍ਰਿਤਕ ਦੇਹ ਲਗਭਗ 15 ਦਿਨ ਬਾਅਦ ਮੰਡ ਇਲਾਕੇ ’ਚੋਂ ਬਰਾਮਦ ਹੋਈ ਸੀ, ਜਦਕਿ ਮਾਨਵਜੀਤ ਦੀ ਮ੍ਰਿਤਕ ਦੇਹ ਬਰਾਮਦ ਹੀ ਨਹੀਂ ਹੋਈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਸਨ। ਜਸ਼ਨਬੀਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਵੀ ਜਾਂਚ 'ਤੇ ਸਵਾਲ ਉੱਠੇ ਸਨ ਅਤੇ ਅਦਾਲਤ ਦੇ ਰਿਕਾਰਡ ਅਨੁਸਾਰ ਡੀ. ਐੱਨ. ਏ. ਦੇ ਸੈਂਪਲ ਖ਼ਰਾਬ ਹੋਣ ਕਾਰਨ ਰਿਪੋਰਟ ਠੀਕ ਨਹੀਂ ਸੀ।
ਇਹ ਵੀ ਪੜ੍ਹੋ: ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਬਿਕਰਮ ਮਜੀਠੀਆ ਦਾ ਬਿਆਨ
ਆਪਣੇ ਹੀ ਵਿਭਾਗ ਤੋਂ ਨਹੀਂ ਮਿਲੀ ਸੀ ਰਾਹਤ
ਇਸ ਪੂਰੇ ਮਾਮਲੇ 'ਚ ਤਿੰਨਾਂ ਨਵਦੀਪ ਸਿੰਘ, ਬਲਵਿੰਦਰ ਕੁਮਾਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਪੁਲਸ ਵਿਭਾਗ 'ਚ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਇਥੋਂ ਤੱਕ ਕਿ ਜੋ ਪੁਲਸ ਅਫ਼ਸਰ ਕਥਿਤ ਤੌਰ 'ਤੇ ਇਨ੍ਹਾਂ ਅਫ਼ਸਰਾਂ ਤੋਂ ਕੰਮ ਕਰਵਾਉਂਦੇ ਰਹੇ, ਉਨ੍ਹਾਂ ਨੇ ਹੀ ਇਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਇੰਸਪੈਕਟਰ ਨਵਦੀਪ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਅਤੇ ਮਾਮਲੇ 'ਚ ਉਚਿਤ ਤਰੀਕੇ ਨਾਲ ਜਾਂਚ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਆਖਿਰ ਨਵਦੀਪ ਸਿੰਘ ਅਤੇ ਬਾਕੀ ਕਰਮਚਾਰੀਆਂ ਨੂੰ ਅਦਾਲਤ ਦਾ ਹੀ ਸਹਾਰਾ ਸੀ।
ਆਖਿਰ ਅਦਾਲਤ ਤੋਂ ਮਿਲਿਆ ਨਿਆਂ
ਪੁਲਸ ਅਫ਼ਸਰਾਂ ਤੋਂ ਰਾਹਤ ਨਾ ਮਿਲਦੀ ਵੇਖ ਕਰਕੇ ਇਨ੍ਹਾਂ ਪੁਲਸ ਅਧਿਕਾਰੀਆਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਕੇਸ ਡਿਸਚਾਰਜ ਕਰਨ ਦੀ ਮੰਗ ਕੀਤੀ ਸੀ। ਇਸੇ ਮਾਮਲੇ ’ਚ ਅਦਾਲਤ ਨੇ ਰਿਕਾਰਡ ਦੇ ਆਧਾਰ ’ਤੇ ਇਹ ਗੱਲ ਜ਼ਾਹਰ ਕੀਤੀ ਕਿ ਇਸ ਮਾਮਲੇ ’ਚ ਖ਼ੁਦਕੁਸ਼ੀ ਲਈ ਉਕਸਾਉਣ ਦਾ ਅਪਰਾਧ ਨਹੀਂ ਬਣਦਾ ਹੈ, ਜਿਸ ਦੇ ਆਧਾਰ 'ਤੇ ਇੰਸਪੈਕਟਰ ਨਵਦੀਪ ਸਿੰਘ, ਬਲਵਿੰਦਰ ਕੁਮਾਰ ਅਤੇ ਔਰਤ ਕਾਂਸਟੇਬਲ ਜਗਜੀਤ ਕੌਰ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 20 ਅਗਸਤ ਤੱਕ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ
NEXT STORY