ਜਲੰਧਰ, (ਲਾਭ ਸਿੰਘ ਸਿੱਧੂ)— ਸ਼੍ਰੋਮਣੀ ਅਕਾਲੀ ਦਲ 'ਚੋਂ ਬਾਗੀ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਆਪਣੀ ਗਲਤੀ ਲਈ ਆਖਿਰ ਇਕ ਦਿਨ ਪਛਤਾਉਣਾ ਪਵੇਗਾ। ਢੀਂਡਸਾ ਨੇ ਤਾਂ ਆਪਣੇ ਪੁੱਤ ਪਰਮਿੰਦਰ ਢੀਂਡਸਾ ਲਈ ਕੰਡੇ ਬੀਜ ਦਿੱਤੇ ਹਨ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ 'ਚ ਨਵ-ਨਿਯੁਕਤ ਗਰੁੱਪ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਵਿਧਾਇਕ ਦਲ ਦੇ ਗਰੁੱਪ ਲੀਡਰ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਜਲੰਧਰ ਪਧਾਰੇ ਸ਼੍ਰੀ ਢਿੱਲੋਂ ਨੇ ਕਿਹਾ ਕਿ ਜੇ ਢੀਂਡਸਾ ਨੇ ਅਜਿਹਾ ਕੁਝ ਕਰਨਾ ਸੀ ਤਾਂ ਉਦੋਂ ਕਰਦੇ ਜਦੋਂ ਪਾਰਟੀ ਸੱਤਾ 'ਚ ਸੀ। ਸੁਖਬੀਰ ਬਾਦਲ ਨੂੰ ਜਿੱਤਾਂ ਦਾ ਬਾਦਸ਼ਾਹ ਦੱਸਣ ਵਾਲੇ ਢੀਂਡਸਾ ਨੇ ਸੱਤਾ 'ਚ ਰਹਿ ਕੇ ਸਾਰੇ ਉੱਚ ਅਹੁਦਿਆਂ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਪਾਰਟੀ ਸਮੁੰਦਰ ਹੈ ਤੇ ਇਸ 'ਚੋਂ ਕਈ ਲੀਡਰ ਪਹਿਲਾਂ ਵੀ ਨਿਕਲੇ ਪਰ ਕਿਸੇ ਦਾ ਕੱਖ ਨਹੀਂ ਬਣਿਆ ਅਤੇ ਹੁਣ ਬਣਨਾ ਢੀਂਡਸੇ ਦਾ ਵੀ ਕੁਝ ਨਹੀਂ, ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਲੱਗਿਐ। ਢੀਂਡਸਾ ਵਿਰੁੱਧ ਕਾਰਵਾਈ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਲੀਡਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਕੋਈ ਫੈਸਲਾ ਕਰਨਗੇ, ਸਾਨੂੰ ਕੋਈ ਕਾਹਲੀ ਨਹੀਂ ਹੈ। ਪਾਰਟੀਆਂ 'ਚ ਲੀਡਰਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਕੈਪਟਨ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਬਿਜਲੀ ਦੀਆਂ ਦਰਾਂ 'ਚ ਬੇਸ਼ਰਮੀ ਨਾਲ ਵਾਧਾ ਕਰ ਕੇ ਲੋਕਾਂ 'ਤੇ ਵਾਧੂ ਭਾਰ ਪਾਇਆ ਹੈ। ਤਿੰਨ ਸਾਲਾਂ 'ਚ 12-13 ਵਾਰ ਬਿਜਲੀ ਦੇ ਰੇਟ ਵਧਾ ਦਿੱਤੇ ਹਨ। ਸੂਬੇ 'ਚ ਸਨਅਤਾਂ ਬੰਦ ਹੋ ਗਈਆਂ ਹਨ ਜਾਂ ਫਿਰ ਦੂਜੇ ਰਾਜਾਂ 'ਚ ਚਲੀਆਂ ਗਈਆਂ ਹਨ। ਕਿਸੇ ਵੀ ਗਰੀਬ ਪਰਿਵਾਰ ਦੀਆਂ ਬੱਚੀਆਂ ਨੂੰ ਪਿਛਲੇ 3 ਸਾਲਾਂ 'ਚ ਸ਼ਗਨ ਸਕੀਮ ਨਹੀਂ ਮਿਲੀ। ਮੁਫਤ ਬਿਜਲੀ ਸਹੂਲਤ ਵੀ ਗਰੀਬਾਂ ਦੀ ਵਾਪਸ ਲੈ ਲਈ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਤਕ ਨਹੀਂ ਮਿਲੀਆਂ। ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਢਿੱਲੋਂ ਨੇ ਕਿਹਾ ਕਿ ਸੂਬੇ 'ਚ ਪਿਛਲੇ 3 ਸਾਲਾਂ 'ਚ ਇਕ ਇੱਟ ਵੀ ਨਹੀਂ ਲੱਗੀ ਤੇ ਰੇਤ-ਬਜਰੀ ਦੇ ਭਾਅ ਆਸਾਮਾਨੀ ਚੜ੍ਹਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ 'ਚ ਸੂਬੇ ਦੇ ਭਖਦੇ ਮਸਲੇ ਉਠਾਉਣਗੇ। ਸੂਬੇ 'ਚ ਇਸ ਵੇਲੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਅਤੇ ਆਏ ਦਿਨ ਅਕਾਲੀ ਵਕਰਾਂ ਤੇ ਆਮ ਲੋਕਾਂ ਦੇ ਕਤਲ ਹੋ ਰਹੇ ਹਨ।
ਇਸ ਮੌਕੇ 'ਤੇ ਪਵਨ ਟੀਨੂੰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਵਰਕਰ ਤੋਂ ਉੱਠੇ ਢਿੱਲੋਂ ਨੂੰ ਵਿਧਾਇਕ ਦਲ ਦਾ ਲੀਡਰ ਬਣਾ ਕੇ ਦੱਸ ਦਿੱਤਾ ਕਿ ਪਾਰਟੀ 'ਚ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਵੀ ਉੱਚ ਅਹੁਦੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਢਿੱਲੋਂ ਆਪਣੀ ਮਿਹਨਤ ਸਦਕਾ ਹੀ ਇਸ ਅਹੁਦੇ 'ਤੇ ਪਹੁੰਚੇ ਹਨ। ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਪਾਰਟੀ ਦੇ ਡਿਪਟੀ ਲੀਡਰ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਸੁਖਵਿੰਦਰ ਸਿੰਘ ਸੁੱਖੀ ਤੇ ਬਲਦੇਵ ਸਿੰਘ ਖਹਿਰਾ (ਸਾਰੇ ਵਿਧਾਇਕ) ਨੇ ਗੁਲਦਸਤਾ ਭੇਟ ਕਰ ਕੇ ਢਿੱਲੋਂ ਦਾ ਸਵਾਗਤ ਕੀਤਾ।
2 ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫਤਾਰ
NEXT STORY