ਦਿੜ੍ਹਬਾ ਮੰਡੀ (ਅਜੈ): ਸਥਾਨਕ ਸ਼ਹਿਰ ਦੇ ਐੱਮ.ਪੀ.ਐੱਸ/ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਮਾਲੀ ਦੀ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਥਾਣਾ ਦਿੜ੍ਹਬਾ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਰਾਹੁਲ ਸਿੰਘ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਜੰਟ ਸਿੰਘ (50) ਪਿਛਲੇ ਕੁਝ ਸਮੇਂ ਤੋਂ ਐੱਮ.ਪੀ.ਐੱਸ./ਸੀਵਰੇਜ ਟ੍ਰੀਟਮੈਂਟ ਪਲਾਂਟ ਗਾਮੜੀ ਰੋਡ ਦਿੜ੍ਹਬਾ ਵਿਖੇ ਮਾਲੀ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਸਨ ਅਤੇ ਲਗਭਗ 12,000 ਰੁਪਏ ਮਹੀਨਾਵਾਰ ਤਨਖਾਹ ਲੈਂਦੇ ਸਨ। ਬਿਆਨ ਦੇ ਅਨੁਸਾਰ ਉਹ ਕਥਿਤ ਤੌਰ 'ਤੇ ਵਿੱਤੀ ਮੁਸ਼ਕਲਾਂ ਕਾਰਨ ਪ੍ਰੇਸ਼ਾਨ ਸੀ। ਰਾਹੁਲ ਸਿੰਘ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਪਲਾਂਟ ਵਾਲੀ ਜਗ੍ਹਾ 'ਤੇ ਡਿੱਗੇ ਪਏ ਹਨ। ਉਸ ਨੂੰ ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਉਸ ਦੇ ਪਿਤਾ ਗੁਰਜੰਟ ਸਿੰਘ ਵੱਲੋਂ ਆਰਥਿਕ ਤੰਗੀ ਕਾਰਨ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਆਪਣੇ ਗਲੇ ਵਿਚ ਪਲਾਸਟਿਕ ਦੀ ਬਿਜਲੀ ਦੀ ਤਾਰ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਲੱਗਦੀ ਸੀ, ਜਿਸ ਦੌਰਾਨ ਪਲਾਸਟਿਕ ਦੀ ਤਾਰ ਟੁੱਟਣ ਕਾਰਨ ਉਹ ਹੇਠਾਂ ਡਿੱਗੇ ਹੋਏ ਸੀ ਅਸੀਂ ਤੁਰੰਤ ਵਹੀਕਲ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਲੈ ਕੇ ਸਿਵਲ ਹਸਪਤਾਲ ਸੁਨਾਮ ਪਹੁੰਚ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਸਬੰਧੀ ਦਿੜ੍ਹਬਾ ਪੁਲਸ ਸਟੇਸ਼ਨ ਦੇ ਮੁੱਖ ਅਧਿਕਾਰੀ ਦਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਸ਼ੰਭੂ ਬਾਰਡਰ ’ਤੇ ਨਾਕਾਬੰਦੀ ਦੌਰਾਨ 547 ਕਿੱਲੋ ਸ਼ੱਕੀ ਪਨੀਰ ਬਰਾਮਦ
NEXT STORY