ਮੌੜ ਮੰਡੀ(ਪ੍ਰਵੀਨ)- ਸਥਾਨਕ ਸ਼ਹਿਰ ਦੇ ਅਗਰਵਾਲ ਪੀਰਖਾਨਾ ਟਰੱਸਟ ਅਤੇ ਡੇਰਾ ਮੋਨੀ ਬਾਬਾ (ਹਨੂਮਾਨਗੜ੍ਹੀ) ਵਿਚਕਾਰ ਚਲ ਰਿਹਾ ਵਿਵਾਦ ਅੱਜ ਉਸ ਸਮੇਂ ਫਿਰ ਗਰਮਾ ਗਿਆ, ਜਦ ਪੀਰਖਾਨਾ ਸਮਰਥਕਾਂ ਵੱਲੋਂ ਗੇਟ ਨੂੰ ਤਾਲਾ ਲਾ ਦਿੱਤਾ ਗਿਆ। ਗੇਟ ਨੂੰ ਜਿੰਦਰਾ ਲਾਏ ਜਾਣ ਦੇ ਵਿਰੋਧ ’ਚ ਭਾਰੀ ਗਿਣਤੀ ਡੇਰਾ ਸਮਰਥਕ ਡੇਰੇ ਵਿਖੇ ਇਕੱਠੇ ਹੋ ਗਏ ਅਤੇ ਪੀਰਖਾਨੇ ਦੇ ਗੇਟ ਅੱਗੇ ਧਰਨਾ ਲਾ ਦਿੱਤਾ। ਇਸ ਉਪਰੰਤ ਡੇਰਾ ਸਮਰਥਕ ਥਾਣਾ ਮੌੜ ਵਿਖੇ ਵੀ ਸ਼ਿਕਾਇਤ ਕਰਨ ਪੁੱਜੇ ਅਤੇ ਥਾਣਾ ਮੌੜ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕੀਤਾ। ਡੇਰਾ ਬਾਬਾ ਹਨੂਮਾਨਗੜ੍ਹੀ ਦੇ ਸਮਰਥਕਾਂ ਸੁਰੇਸ਼ ਕੁਮਾਰ, ਜਸਵਿੰਦਰ ਕੌਰ ਜੌਹਲ, ਸੂਬਾ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਖਾਲਸਾ, ਜਗਧੀਰ ਸਿੰਘ ਖੰਡੀ, ਪ੍ਰਿਥੀ ਚੰਦ ਆਦਿ ਨੇ ਦੱਸਿਆ ਕਿ ਬੀਤੀ ਰਾਤ ਬਸਤੀ ਦੇ ਇਕ ਪਰਿਵਾਰ ਦੇ ਘਰ ਲੜਕੀ ਦਾ ਵਿਆਹ ਸੀ ਅਤੇ ਪਰਿਵਾਰ ਨੇ ਭਾਂਡੇ ਲੈਣ ਡੇਰਾ ਬਾਬਾ ਹਨੂਮਾਨਗੜ੍ਹੀ ਵਿਖੇ ਆਉਣਾ ਸੀ। ਇਸ ਤੋਂ ਪਹਿਲਾਂ ਹੀ ਅਗਰਵਾਲ ਪੀਰਖਾਨਾ ਦੇ ਮਾਲੀ ਅਤੇ ਇਕ ਪੀਰਖਾਨਾ ਸਮਰਥਕ ਰਾਮਾ ਨੇ ਪੀਰਖਾਨੇ ਦੇ ਗੇਟ ਨੂੰ ਤਾਲਾ ਲਾ ਦਿੱਤਾ, ਜਦ ਬਾਬਾ ਰਤਨ ਮੁਨੀ ਜੀ ਵੱਲੋਂ ਮਾਲੀ ਨੂੰ ਤਾਲਾ ਖੋਲ੍ਹਣ ਲਈ ਕਿਹਾ ਗਿਆ ਤਾਂ ਉਸਨੇ ਕਿਹਾ ਕਿ ਚਾਬੀ ਉਸ ਕੋਲ ਨਹੀਂ ਹੈ ਅਤੇ ਇਸਨੂੰ ਰਾਮਾ ਲੈ ਗਿਆ ਹੈ ਅਤੇ ਹੁਣ ਗੇਟ ਨਹੀਂ ਖੁੱਲ੍ਹ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸਵੇਰ ਸਮੇਂ ਵੀ ਪੀਰਖਾਨਾ ਦੇ ਸਮਰਥੱਕ ਰਾਮਾ ਨੂੰ ਗੇਟ ਖੋਲ੍ਹਣ ਲਈ ਕਿਹਾ ਗਿਆ ਤਾਂ ਉਸ ਨੇ ਜ਼ਿੱਦ ਕਰਦੇ ਹੋਏ ਕਿਹਾ ਕਿ ਹੁਣ ਤਾਲਾ ਨਹੀ ਖੁੱਲ੍ਹੇਗਾ, ਜਿਸ ਕਾਰਨ ਇਹ ਮਾਮਲਾ ਭੜਕ ਗਿਆ। ਉਧਰ ਦੂਜੇ ਪਾਸੇ ਪੀਰਖਾਨਾ ਟਰੱਸਟ ਦੇ ਕਮੇਟੀ ਮੈਂਬਰ ਤਰਸੇਮ ਚੰਦ ਵਕੀਲ ਨੇ ਕਿਹਾ ਕਿ ਪੀਰਖਾਨੇ ਦੇ ਸੇਵਾਦਾਰਾਂ ਵੱਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਰਾਤ ਸਮੇਂ ਤਾਲਾ ਲਾਇਆ ਜਾਂਦਾ ਹੈ ਅਤੇ ਸਵੇਰ ਸਮੇਂ ਖੋਲ੍ਹ ਦਿੱਤਾ ਜਾਂਦਾ ਹੈ ਪ੍ਰੰਤੂ ਡੇਰਾ ਦੇ ਕੁਝ ਸਮਰਥਕ ਜਾਣ-ਬੁੱਝ ਕੇ ਮਾਮਲੇ ਨੂੰ ਤੂਲ ਦਿੰਦੇ ਰਹਿੰਦੇ ਹਨ ਤਾਂ ਜੋ ਮਾਮਲਾ ਭੜਕਿਆ ਰਹੇ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਚੋਂ ਡੇਰਾ ਸਮੱਰਥਕ ਜਗ੍ਹਾ ਦੀ ਮੰਗ ਕਰ ਰਹੇ ਹਨ, ਉਹ ਜਗ੍ਹਾ ਪੀਰਖਾਨਾ ਟਰੱਸਟ ਦੀ ਹੈ, ਜਿਸ ਸਬੰਧੀ ਅਸੀਂ ਮਾਣਯੋਗ ਅਦਾਲਤ ਵਿਚ ਸਭ ਕੁਝ ਪੇਸ਼ ਕਰ ਚੁੱਕੇ ਹਾਂ। ਇਸ ਸਬੰਧੀ ਅਦਾਲਤ ਜੋ ਵੀ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੈ। ਇਸ ਸਬੰਧੀ ਡੇਰਾ ਮੁਖੀ ਰਤਨ ਮੁਨੀ ਜੀ ਦਾ ਕਹਿਣਾ ਸੀ ਕਿ ਉਹ ਤਾਂ ਇਸ ਮਸਲੇ ਦਾ ਸ਼ਾਂਤਮਈ ਹੱਲ ਚਾਹੁੰਦੇ ਹਨ ਤਾਂ ਜੋ ਦੋਵੇਂ ਧਿਰਾਂ ਪ੍ਰੇਮ ਪਿਆਰ ਅਤੇ ਸਦਭਾਵਨਾਂ ਨਾਲ ਰਹਿ ਸਕਣ। ਇਸ ਸਬੰਧੀ ਜਦ ਐੱਸ.ਐੱਚ.ਓ. ਮੌੜ ਅੰਮ੍ਰਿਤਪਾਲ ਸਿੰਘ ਭਾਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ ਨੂੰ ਦੋਵਾਂ ਧਿਰਾਂ ਦੀ ਐੱਸ. ਡੀ.ਐੱਮ. ਮੌੜ ਨਾਲ ਮੀਟਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਮਸਲੇ ਦਾ ਹੱਲ ਕੀਤਾ ਜਾ ਸਕੇ।
ਕੈਪਟਨ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰੀ
NEXT STORY