ਗੁਰਦਾਸਪੁਰ, (ਵਿਨੋਦ, ਦੀਪਕ) - ਮੰਗਲਵਾਰ ਗੁਰਦਾਸਪੁਰ ਸ਼ਹਿਰ 'ਚ ਆਈ. ਐੱਮ. ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੇ ਸੱਦੇ 'ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਦਾ ਕਾਫੀ ਅਸਰ ਵੇਖਣ ਨੂੰ ਮਿਲਿਆ। ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਪਰਿਵਾਰ ਵਾਲਿਆਂ ਨੂੰ ਉਸ ਸਮੇਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਸਮਰਥਨ 'ਚ ਗੁਰਦਾਸਪੁਰ ਦੇ ਸਰਕਾਰੀ ਡਾਕਟਰਾਂ ਨੇ ਵੀ ਦੁਪਹਿਰ 2 ਵਜੇ ਤੱਕ ਹੜਤਾਲ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿਚ ਵੀ ਪ੍ਰੇਸ਼ਾਨ ਹੋਣਾ ਪਿਆ।
ਬੇਸ਼ੱਕ ਇਸ ਹੜਤਾਲ ਕਾਰਨ ਗੁਰਦਾਸਪੁਰ ਸ਼ਹਿਰ 'ਚ ਕਿਸੇ ਮਰੀਜ਼ ਦੀ ਜਾਨ ਤਾਂ ਨਹੀਂ ਗਈ ਪਰ ਮਰੀਜ਼ਾਂ ਨੂੰ ਡਾਕਟਰਾਂ ਦੇ ਤਰਲੇ ਕਰਦੇ ਜ਼ਰੂਰ ਵੇਖਿਆ ਗਿਆ। ਡਾਕਟਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਡੀ. ਸੀ. ਗੁਰਦਾਸਪੁਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਕ ਮੰਗ-ਪੱਤਰ ਵੀ ਦਿੱਤਾ। ਇਸ ਵਫ਼ਦ ਦੀ ਅਗਵਾਈ ਆਈ. ਐੱਮ. ਏ. ਗੁਰਦਾਸਪੁਰ ਦੇ ਪ੍ਰਧਾਨ ਡਾ. ਅਸ਼ੋਕ ਓਬਰਾਏ ਅਤੇ ਜਨਰਲ ਸਕੱਤਰ ਡਾ. ਰਾਮ ਮੂਰਤੀ ਕੌਂਸਲ ਕਰ ਰਹੇ ਸਨ।ਦੇਸ਼ ਭਰ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਵੇਰ ਤੋਂ ਦੁਪਹਿਰ 2 ਵਜੇ ਤੱਕ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕਰ ਰੱਖਿਆ ਸੀ। ਇਸ ਹੜਤਾਲ ਨੂੰ ਵੇਖਦੇ ਹੋਏ ਦੇਸ਼ ਭਰ 'ਚ ਸਰਕਾਰੀ ਹਸਪਤਾਲਾਂ ਨੂੰ ਸਰਗਰਮ ਕਰ ਦਿੱਤਾ ਸੀ। ਲੋਕਾਂ 'ਚ ਇਹ ਵੀ ਪ੍ਰਚਾਰ ਕੀਤਾ ਗਿਆ ਸੀ ਕਿ ਪ੍ਰਾਈਵੇਟ ਹਸਪਤਾਲ 'ਚ ਹੜਤਾਲ ਕਾਰਨ ਮਰੀਜ਼ ਸਰਕਾਰੀ ਹਸਪਤਾਲਾਂ 'ਚ ਆਉਣ ਪਰ ਗੁਰਦਾਸਪੁਰ 'ਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਜਦੋਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਸਮਰਥਨ ਵਿਚ 2 ਵਜੇ ਤੱਕ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਤਾਂ ਮਰੀਜ਼ਾਂ ਦੇ ਪਸੀਨੇ ਛੁੱਟਣੇ ਸੁਭਾਵਿਕ ਸੀ।
ਪਠਾਨਕੋਟ, (ਸ਼ਾਰਦਾ) - ਮੈਡੀਕਲ ਪ੍ਰੋਫੈਸ਼ਨ ਨਾਲ ਹੋ ਰਹੀ ਹਿੰਸਾ ਦੇ ਵਿਰੋਧ 'ਚ ਅਤੇ ਸਰਕਾਰ ਵੱਲੋਂ ਹੋਰ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਆਈ. ਐੱਮ. ਏ. ਦੇ ਸੱਦੇ 'ਤੇ ਪਠਾਨਕੋਟ ਸ਼ਾਖਾ ਨੇ ਵੀ ਆਪਣਾ ਸਮਰਥਨ ਦਿੰਦੇ ਹੋਏ ਹੜਤਾਲ 'ਚ ਹਿੱਸਾ ਲਿਆ ਅਤੇ ਆਪਣਾ ਕੰਮ ਸਾਰਾ ਦਿਨ ਬੰਦ ਰੱਖਿਆ।
ਕਾਦੀਆਂ, (ਨਈਅਰ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈ. ਐੱਮ. ਏ. ਦੇ ਸੱਦੇ 'ਤੇ ਅੱਜ ਕਸਬਾ ਕਾਦੀਆਂ ਦੇ ਸਾਰੇ ਡਾਕਟਰਾਂ ਵੱਲੋਂ ਮੁਕੰਮਲ ਹੜਤਾਲ ਰੱਖੀ ਗਈ ਅਤੇ ਜ਼ਿਆਦਾਤਰ ਹਸਪਤਾਲ ਬੰਦ ਰੱਖੇ ਗਏ। ਇਸ ਮੌਕੇ ਭਾਟੀਆ ਹਸਪਤਾਲ ਦੇ ਡਾਕਟਰ ਬਲਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਮੂਹ ਐਮਰਜੈਂਸੀ ਸੇਵਾਵਾਂ ਅਤੇ ਓ. ਪੀ. ਡੀ. ਮੁਕੰਮਲ ਬੰਦ ਰੱਖੀ ਗਈ ਹੈ ਅਤੇ ਹਸਪਤਾਲ ਵਿਚ ਕਿਸੇ ਵੀ ਕਿਸਮ ਦੇ ਮਰੀਜ਼ ਨੂੰ ਚੈੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹੜਤਾਲ ਦੇਸ਼ ਦੇ ਸਾਰੇ ਪ੍ਰਾਈਵੇਟ ਡਾਕਟਰਾਂ ਵੱਲੋਂ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਕੀਤੀ ਜਾ ਰਹੀ ਹੈ ਅਤੇ ਅੱਜ ਭਾਰਤ ਦੇ ਸਮੂਹ ਡਾਕਟਰ ਰਾਜਘਾਟ ਦਿੱਲੀ ਵਿਖੇ ਇਕੱਠੇ ਹੋ ਕੇ ਸਰਕਾਰ ਖਿਲਾਫ਼ ਮੁਜ਼ਾਹਰਾ ਕਰ ਰਹੇ ਹਨ। ਇਸ ਮੌਕੇ ਡਾ. ਹਰਸਿਮਰਤ ਸਿੰਘ ਭਾਟੀਆ ਅਤੇ ਸਟਾਫ ਮੌਜੂਦ ਸੀ।
ਕੀ ਸਥਿਤੀ ਰਹੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ
ਅੱਜ ਹੜਤਾਲ ਕਾਰਨ ਸਵੇਰ ਤੋਂ ਹੀ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ ਬਹੁਤ ਘੱਟ ਗਏ, ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ ਕਰਨ 'ਤੇ ਪਾਇਆ ਗਿਆ ਕਿ ਓ. ਪੀ. ਡੀ. ਦੇ ਸਾਹਮਣੇ ਰੱਖੀਆਂ ਕੁਰਸੀਆਂ ਖਾਲੀ ਪਈਆਂ ਸਨ, ਜੋ ਮਰੀਜ਼ ਪ੍ਰਾਈਵੇਟ ਹਸਪਤਾਲਾਂ 'ਚ ਦਾਖ਼ਲ ਸਨ, ਉਨ੍ਹਾਂ ਨੂੰ ਰਾਤ ਸਮੇਂ ਹੀ ਸਾਰੀ ਦਵਾਈ ਲਿਖ ਕੇ ਦਿੱਤੀ ਗਈ ਸੀ ਕਿ ਸਵੇਰੇ ਕੀ-ਕੀ ਦਵਾਈ ਲੈਣੀ ਹੈ। ਐਮਰਜੈਂਸੀ ਹਾਲਤ ਵਿਚ ਵੀ ਮਰੀਜ਼ਾਂ ਨੂੰ ਨਹੀਂ ਵੇਖਿਆ ਗਿਆ। ਭਗਵਾਨ ਦੀ ਕ੍ਰਿਪਾ ਨਾਲ ਕਿਸੇ ਮਰੀਜ਼ ਦੀ ਜਾਣ ਨਹੀਂ ਗਈ।
ਇਸੇ ਤਰ੍ਹਾਂ ਪ੍ਰਾਈਵੇਟ ਡਾਕਟਰਾਂ ਦੇ ਸਮਰਥਨ 'ਚ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਵੱਲੋਂ ਦੁਪਹਿਰ 2 ਵਜੇ ਤੱਕ ਹੜਤਾਲ ਕਾਰਨ ਸਰਕਾਰੀ ਹਸਪਤਾਲਾਂ ਵਿਚ ਵੀ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ। ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਪਰਿਵਾਰਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਸਰਕਾਰੀ ਹਸਪਤਾਲ ਵਿਚ ਵੀ ਡਾਕਟਰਾਂ ਦੀ ਹੜਤਾਲ ਹੈ ਜਦਕਿ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ ਨੇ ਤਾਂ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਐਲਾਨ ਕੀਤਾ ਸੀ ਕਿ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਕਾਰਨ ਮਰੀਜ਼ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਸਕਦੇ ਹਨ। ਹੜਤਾਲ ਨਾਲ ਹਸਪਤਾਲ ਦਾ ਕੰਮਕਾਜ ਠੱਪ ਰਿਹਾ।
ਕੀ ਕਹਿੰਦੇ ਹਨ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਪ੍ਰਧਾਨ
ਇਸ ਸੰਬੰਧੀ ਜਦੋਂ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਹੜਤਾਲ ਦੇ ਬਾਵਜੂਦ ਐਮਰਜੈਂਸੀ ਸੇਵਾ ਜਾਰੀ ਰੱਖੀ ਗਈ ਸੀ, ਇਸ ਕਾਰਨ ਮਰੀਜ਼ਾਂ ਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਹੋਣਾ ਪਿਆ। ਹੜਤਾਲ ਖਤਮ ਹੁੰਦੇ ਹੀ ਸਮੂਹ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਰੀਜ਼ਾਂ ਦੀ ਹਰ ਸ਼ਿਕਾਇਤ ਨੂੰ ਦੂਰ ਕੀਤਾ।
ਕੀ ਕਹਿੰਦੇ ਹਨ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼
ਦੋਰਾਂਗਲਾ ਤੋਂ ਆਏ ਇਕ ਮਰੀਜ਼ ਸਤਨਾਮ ਸਿੰਘ ਨੇ ਕਿਹਾ ਕਿ ਪਿੰਡਾਂ 'ਚ ਤਾਂ ਇਸ ਹੜਤਾਲ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪਿੰਡਾਂ ਤੋਂ ਮਰੀਜ਼ ਤੜਕਸਾਰ ਹੀ ਗੁਰਦਾਸਪੁਰ ਇਲਾਜ ਲਈ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਇਥੇ ਆ ਕੇ ਪਤਾ ਲੱਗਾ ਕਿ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਹੈ।
ਮਰੀਜ਼ ਹਰਿਕ੍ਰਿਸ਼ਨ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਹੜਤਾਲ 'ਤੇ ਪੂਰੀ ਤਰ੍ਹਾਂ ਰੋਕ ਲਾਏ। ਜੇ ਪ੍ਰਾਈਵੇਟ ਡਾਕਟਰਾਂ ਦੀ ਕੋਈ ਜਾਇਜ਼ ਮੰਗ ਹੈ ਤਾਂ ਉਸ ਨੂੰ ਸਵੀਕਾਰ ਕਰਨ ਵਿਚ ਕੀ ਬੁਰਾਈ ਹੈ।
ਮਰੀਜ਼ ਸੰਤੋਸ਼ ਰਾਣੀ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਕੋਲ ਇਕ ਪਿੰਡ ਤੋਂ ਇਲਾਜ ਕਰਵਾਉਣ ਲਈ ਤੜਕਸਾਰ 7 ਵਜੇ ਗੁਰਦਾਸਪੁਰ ਆ ਗਈ ਸੀ। ਗੁਰਦਾਸਪੁਰ ਆ ਕੇ ਪਤਾ ਲੱਗਾ ਕਿ ਡਾਕਟਰਾਂ ਦੀ ਹੜਤਾਲ ਹੈ। ਕੋਈ ਪਰਿਵਾਰ ਦਾ ਮੈਂਬਰ ਨਾਲ ਵੀ ਨਹੀਂ ਆਇਆ, ਜਿਸ ਕਾਰਨ ਹੁਣ ਦੁਪਹਿਰ 2 ਵਜੇ ਤੱਕ ਇਥੇ ਰੁਕਣਾ ਪਵੇਗਾ।
ਕੀ ਹਨ ਮੁੱਖ ਮੰਗਾਂ
ਆਈ. ਐੱਮ. ਏ. ਦੀਆਂ ਮੁੱਖ ਮੰਗਾਂ 'ਚ ਜਦੋਂ ਕਦੀ ਕਿਸੇ ਡਾਕਟਰ ਤੋਂ ਅਨਿਯਮਤਾ ਜਾਂ ਕਲੈਰੀਕਲ ਗਲਤੀ ਹੋ ਜਾਂਦੀ ਹੈ ਤਾਂ ਡਾਕਟਰ ਦੇ ਵਿਰੁੱਧ ਕ੍ਰਿਮੀਨਲ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਕੋਈ ਵੀ ਡਾਕਟਰ ਆਪਣੇ ਮਰੀਜ਼ ਨਾਲ ਬੇਇਨਸਾਫੀ ਨਹੀਂ ਕਰਦਾ, ਇਸ ਤਰ੍ਹਾਂ ਡਾਕਟਰਾਂ 'ਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਜੋ ਕਰੋੜਾਂ ਰੁਪਏ ਦਾ ਮੁਆਵਜ਼ਾ ਡਾਕਟਰਾਂ ਨੂੰ ਅਦਾ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ, ਉਹ ਬੰਦ ਹੋਣਾ ਚਾਹੀਦਾ ਹੈ। ਡਾਕਟਰ ਨੂੰ ਆਪਣੀ ਮਰੀਜ਼ ਦੀ ਦਵਾਈ ਅਤੇ ਕੰਪਨੀ ਲਿਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਪੀ. ਸੀ. ਤੇ ਪੀ. ਐੱਨ. ਡੀ. ਟੀ. ਐਕਟ ਵਿਚ ਸੋਧ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇਸ਼ ਵਿਚ ਸਿਹਤ ਬਜਟ 5 ਪ੍ਰਤੀਸ਼ਤ ਕਰਨ ਸਮੇਤ ਹੋਰ ਕਈ ਮੰਗਾਂ ਹਨ।
ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
ਬਾਅਦ 'ਚ ਆਈ. ਐੱਮ. ਏ. ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ੋਕ ਓਬਰਾਏ ਤੇ ਜਨਰਲ ਸਕੱਤਰ ਡਾ. ਰਾਮ ਮੂਰਤੀ ਕੌਂਸਲ ਦੀ ਅਗਵਾਈ ਵਿਚ ਸਮੂਹ ਡਾਕਟਰਾਂ ਨੇ ਡੀ. ਸੀ. ਗੁਰਦਾਸਪੁਰ ਡਾ. ਅਮਿਤ ਕੁਮਾਰ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਇਕ ਮੰਗ ਪੱਤਰ ਦਿੱਤਾ ਅਤੇ ਇਨ੍ਹਾਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਗਊ ਮੂਤਰ ਤੇ ਗੋਹੇ ਤੋਂ ਤਿਆਰ ਵਸਤਾਂ ਦੀ ਆਨਲਾਈਨ ਵਿਕਰੀ ਕਰੇਗਾ ਸੰਘ
NEXT STORY