ਲੁਧਿਆਣਾ (ਰਾਜ): ਮੋਤੀ ਨਗਰ ਇਲਾਕੇ ਵਿਚ ਚਾਪ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਜੈਦੀਪ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ ਹੈ ਅਤੇ ਪਰਿਵਾਰ ਵਾਲਿਆਂ ਨੇ ਸਿੱਧਾ ਦੋਸ਼ ਲਗਾਇਆ ਹੈ ਕਿ ਜੈਦੀਪ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 3:30 ਵਜੇ ਜੈਦੀਪ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੰਮ 'ਤੇ ਜਾ ਰਿਹਾ ਹੈ। ਪਰਿਵਾਰ ਨੂੰ ਜ਼ਰਾ ਵੀ ਇਲਮ ਨਹੀਂ ਸੀ ਕਿ ਇਹ ਉਸ ਦੀ ਆਖਰੀ ਵਿਦਾਇਗੀ ਹੋਵੇਗੀ।
ਕੁਝ ਹੀ ਦੇਰ ਬਾਅਦ ਗੁਆਂਢੀਆਂ ਨੇ ਰੌਲਾ ਪਾਇਆ ਕਿ ਜੈਦੀਪ ਮੋਤੀ ਨਗਰ ਦੀ ਇਕ ਸੜਕ ਕਿਨਾਰੇ ਬੇਸੁੱਧ ਹਾਲਤ ਵਿਚ ਪਿਆ ਹੈ। ਜਦੋਂ ਪਰਿਵਾਰ ਦੇ ਮੈਂਬਰ ਮੌਕੇ 'ਤੇ ਪਹੁੰਚੇ, ਤਾਂ ਉੱਥੋਂ ਦਾ ਮੰਜ਼ਰ ਹੋਰ ਵੀ ਖੌਫਨਾਕ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉੱਥੇ ਮੌਜੂਦ 2-3 ਨੌਜਵਾਨਾਂ ਨੇ ਉਨ੍ਹਾਂ ਨੂੰ ਸ਼ਰੇਆਮ ਧਮਕਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਕੋਲ ਉਨ੍ਹਾਂ ਦੇ ਨਾਂ ਲਏ ਤਾਂ ਅੰਜਾਮ ਬੁਰਾ ਹੋਵੇਗਾ। ਪਰਿਵਾਰ ਵਾਲਿਆਂ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਹੀ ਨੌਜਵਾਨਾਂ ਨੇ ਜੈਦੀਪ ਨੂੰ ਨਸ਼ੇ ਦਾ ਜ਼ਹਿਰੀਲਾ ਟੀਕਾ ਲਗਾਇਆ ਸੀ। ਜਦੋਂ ਉਹ ਉਸ ਨੂੰ ਚੁੱਕਣ ਲੱਗੇ ਤਾਂ ਉਹ ਪੂਰੀ ਤਰ੍ਹਾਂ ਬੇਸੁੱਧ ਸੀ, ਜਿਸ ਨੂੰ ਲੋਕਾਂ ਦੀ ਮਦਦ ਨਾਲ ਇਕ ਰੁੱਖ ਦੇ ਸਹਾਰੇ ਬਿਠਾਇਆ ਗਿਆ ਅਤੇ ਫਿਰ ਆਟੋ ਰਾਹੀਂ ਘਰ ਲਿਆਂਦਾ ਗਿਆ। ਘਰ ਪਹੁੰਚਦਿਆਂ ਹੀ ਜੈਦੀਪ ਦਾ ਸਰੀਰ ਪੱਥਰ ਵਾਂਗ ਸਖ਼ਤ ਅਤੇ ਬਰਫ਼ ਦੀ ਤਰ੍ਹਾਂ ਠੰਢਾ ਪੈ ਗਿਆ ਅਤੇ ਦੇਖਦੇ ਹੀ ਦੇਖਦੇ ਉਸ ਦੇ ਨੱਕ 'ਚੋਂ ਝੱਗ ਨਿਕਲਣ ਲੱਗੀ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਮੁਤਾਬਕ ਜੈਦੀਪ ਪਹਿਲਾਂ ਨਸ਼ੇ ਦੀ ਦਲਦਲ ਵਿਚ ਫਸਿਆ ਜ਼ਰੂਰ ਸੀ, ਪਰ ਹੁਣ ਉਹ ਪੂਰੀ ਤਰ੍ਹਾਂ ਸੁਧਰ ਚੁੱਕਾ ਸੀ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁਝ ਲੋਕ ਉਸ ਨਾਲ ਪੁਰਾਣੀ ਰੰਜਿਸ਼ ਰੱਖਦੇ ਸਨ ਅਤੇ ਇਸੇ ਦਾ ਬਦਲਾ ਲੈਣ ਲਈ ਉਸ ਨੂੰ ਦੁਬਾਰਾ ਨਸ਼ੇ ਦੇ ਜਾਲ ਵਿੱਚ ਫਸਾ ਕੇ ਜ਼ਬਰਦਸਤੀ ਨਸ਼ੇ ਦਾ ਟੀਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਲਹਾਲ ਥਾਣਾ ਮੋਤੀ ਨਗਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋ ਪਾਏਗਾ, ਹਾਲਾਂਕਿ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਗਹਿਰਾਈ ਨਾਲ ਤਫ਼ਤੀਸ਼ ਕਰ ਰਹੀ ਹੈ।
ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ
NEXT STORY