ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਪਰ ਪਿੰਡ ਮੱਲਕੇ ਦੇ ਇਕ ਨੌਜਵਾਨ ਨੇ ਉਸ ਵੇਲੇ ਫਾਹਾ ਲਗਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ, ਜਦੋਂ ਪਿੰਡ ਦੇ ਇਕ ਪਤੀ ਪਤਨੀ ਨੇ ਉਸ ਨੂੰ ਚਿੱਟਾ ਦੇਣ ਤੋਂ ਇਨਕਾਰ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਅਤੇ ਬੂਟਾ ਸਿੰਘ ਨੇ ਦੱਸਿਆ ਕਿ ਲਾਭ ਹੀਰਾ ਸਿੰਘ (26) ਵਾਸੀ ਪਿੰਡ ਮੱਲਕੇ, ਜੋ ਮਿਹਨਤ-ਮਜ਼ਦੂਰੀ ਕਰਦਾ ਸੀ, ਪਹਿਲਾਂ ਚਿੱਟੇ ਦਾ ਆਦੀ ਸੀ ਅਤੇ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਸੁਖਚੈਨ ਸਿੰਘ ਅਤੇ ਉਸ ਦੀ ਪਤਨੀ ਸੀਮਾ ਕੌਰ ਲੰਮੇ ਸਮੇਂ ਤੋਂ ਕਥਿਤ ਤੌਰ ’ਤੇ ਚਿੱਟੇ ਦੀ ਵਿਕਰੀ ਕਰ ਰਹੇ ਹਨ। ਮ੍ਰਿਤਕ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਉਹ ਮੁੜ ਨਸ਼ੇ ਵਿਚ ਫਸ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਭਰਾ ਚਿੱਟਾ ਲੈਣ ਲਈ ਉਨ੍ਹਾਂ ਦੇ ਘਰ ਗਿਆ, ਤਾਂ ਉਸ ਕੋਲ ਪੈਸੇ ਨਹੀਂ ਸਨ। ਇਸ ’ਤੇ ਪਤੀ ਪਤਨੀ ਨੇ ਕਿਹਾ ਕਿ ਘਰੋਂ ਪੈਸੇ ਲੈ ਕੇ ਆਵੇ, ਫਿਰ ਹੀ ਨਸ਼ਾ ਦਿੱਤਾ ਜਾਵੇਗਾ। ਇਸ ਗੱਲ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਅਤੇ ਘਰ ਆ ਕੇ ਬਾਥਰੂਮ ਵਿਚ ਫਾਹਾ ਲਗਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਥਿਤ ਦੋਸ਼ੀ ਮਹਿਲਾ ਸੀਮਾ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਭੁਲੇਖੇ ਨਾਲ ਗਲਤ ਬੰਦੇ ਦਾ ਕਤਲ ਕਰ ਗਏ ਸ਼ਾਰਪ ਸ਼ੂਟਰ! ਪੁਲਸ ਜਾਂਚ 'ਚ ਸਨਸਨੀਖੇਜ਼ ਖ਼ੁਲਾਸਾ
NEXT STORY