ਮਾਹਿਲਪੁਰ, (ਜ. ਬ.)- ਅੱਜ ਸਵੇਰੇ ਮਾਹਿਲਪੁਰ ਪੁਲਸ ਨੇ ਸ਼ਹਿਰ ਦੇ ਵਾਰਡ ਨੰਬਰ 11 ਦੇ ਇਕ ਘਰ ਵਿਚ ਦਾਖਲ ਹੋ ਕੇ ਪਰਿਵਾਰ ਦੀ ਬਜ਼ੁਰਗ ਔਰਤ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੇ ਜਵਾਈ 'ਤੇ 55 ਗ੍ਰਾਮ ਚਿੱਟੇ ਪਾਊਡਰ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਪਤਨੀ ਕਿਸ਼ਨ ਸਿੰਘ, ਹਰਵਿੰਦਰ ਕੌਰ ਵਾਸੀ ਚੰਡੀਗੜ੍ਹ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਤੇ ਰਿਸ਼ਤੇਦਾਰ ਬੀਤੀ ਰਾਤ ਆਪਣੀ ਕਾਰ ਨੰਬਰ ਸੀ ਐੱਚ 04 ਐੱਲ 1229 'ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਆਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸੱਤ ਵਜੇ ਐੱਸ. ਟੀ. ਐੱਫ਼. ਦੇ ਇੰਚਾਰਜ ਨਰਿੰਦਰ ਕੁਮਾਰ, ਥਾਣੇਦਾਰ ਜਸਵਿੰਦਰ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ ਅਤੇ ਮਹਿਲਾ ਕਰਮਚਾਰੀਆਂ 'ਤੇ ਆਧਾਰਿਤ ਟੀਮ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਪੁਲਸ ਟੀਮ ਨੇ ਘਰ ਅੰਦਰ ਦਾਖ਼ਲ ਹੋ ਕੇ ਡੰਡਿਆਂ ਨਾਲ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਜਸਵੀਰ ਕੌਰ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਘਰ ਆਏ ਜਵਾਈ ਹਰਦੀਪ ਕੁਮਾਰ ਹਨੀ ਪੁੱਤਰ ਓਂਕਾਰ ਸਿੰਘ ਦੀ ਕੁੱਟ-ਮਾਰ ਕਰ ਕੇ ਉਸ ਨੂੰ ਆਪਣੀ ਨਿੱਜੀ ਗੱਡੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ। ਉਹ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਜਵਾਈ 'ਤੇ ਪੁਲਸ ਨੇ ਇਕ ਪੈਲੇਸ ਦੇ ਨਜ਼ਦੀਕ ਨਾਕੇ ਦੌਰਾਨ 55 ਗ੍ਰਾਮ ਚਿੱਟੇ ਪਾਊਡਰ ਦਾ ਮਾਮਲਾ ਦਰਜ ਕੀਤਾ ਹੈ।
ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪੁਲਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਝੂਠਾ ਕਰਾਰ ਦੇ ਕੇ ਰਿਸ਼ਤੇਦਾਰਾਂ ਅਤੇ ਪੀੜਤ ਪਰਿਵਾਰ ਦੇ ਸਮਰਥਕਾਂ ਨੇ ਥਾਣਾ ਮਾਹਿਲਪੁਰ ਅੱਗੇ ਧਰਨਾ ਮਾਰ ਕੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਜਵਾਈ ਨੂੰ ਘਰ ਸੁੱਤੇ ਪਏ ਨੂੰ ਪੁਲਸ ਨੇ ਜ਼ਬਰਦਸਤੀ ਕੁੱਟ-ਮਾਰ ਕਰ ਕੇ ਚੁੱਕ ਲਿਆ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਈਮਾਨਦਾਰੀ ਨਾਲ ਪੜਤਾਲ ਕਰਵਾ ਕੇ ਦੋਸ਼ੀ ਪੁਲਸ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀ ਵਿਚੋਂ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ ਹੈ। ਫ਼ਿਰ ਉਨ੍ਹਾਂ ਕਿਹਾ ਕਿ ਨਾਕਾਬੰਦੀ ਦੌਰਾਨ ਇਹ ਪੈਦਲ ਜਾ ਰਿਹਾ ਸੀ। ਫ਼ਿਰ ਉਨ੍ਹਾਂ ਕਿਹਾ ਕਿ ਇਹ ਸਪਲਾਈ ਕਰਨ ਜਾ ਰਿਹਾ ਸੀ। ਐੱਸ. ਟੀ. ਐੱਫ਼. ਦੀ ਟੀਮ ਦੇ ਇੰਚਾਰਜ ਦੇ ਲਗਾਤਾਰ ਬਿਆਨ ਬਦਲਣ 'ਤੇ ਸਾਬਤ ਹੁੰਦਾ ਹੈ ਕਿ ਪੁਲਸ ਦੀ ਪੂਰੀ ਕਾਰਵਾਈ ਸ਼ੱਕੀ ਹੈ।
ਵਿਆਹੁਤਾ ਨਾਲ ਛੇੜਛਾੜ ਕਰਨ ਦੇ ਦੋਸ਼ਾਂ 'ਚ 5 ਨਾਮਜ਼ਦ
NEXT STORY