ਤਰਨਤਾਰਨ, (ਰਮਨ)- ਸ਼ਹਿਰ 'ਚ ਬਿਨਾਂ ਨਿਯਮਾਂ ਤੋਂ ਬਣਾਏ ਗਏ ਟਰੈਫਿਕ ਪੁਲਸ ਚੈੱਕ ਪੋਸਟ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਧਿਆਨ ਨਾ ਦੇਣਾ ਲੋਕਾਂ ਲਈ ਵੱਡੀ ਮੁਸੀਬਤ ਪੈਦਾ ਕਰ ਰਿਹਾ ਹੈ। ਸ਼ਹਿਰ ਦੇ ਬੋਹੜੀ ਚੌਕ 'ਚ ਪਿਛਲੇ ਕੁੱਝ ਮਹੀਨੇ ਪਹਿਲਾਂ ਬਣਾਏ ਗਏ ਚੈੱਕ ਪੋਸਟ ਜੋ ਸਾਰੇ ਸ਼ਹਿਰ ਵਾਸੀਆਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ, ਨੂੰ ਬਿਨਾਂ ਕਿਸੇ ਨਿਯਮਾਂ ਤੋਂ ਇਕ ਪ੍ਰਾਈਵੇਟ ਬੈਂਕ ਦੀ ਮਦਦ ਨਾਲ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਚੈੱਕ ਪੋਸਟ ਨੂੰ ਚਾਰੇ ਪਾਸੇ ਤੋਂ ਆਉਣ-ਜਾਣ ਵਾਲੀ ਟਰੈਫਿਕ ਕਾਰਨ ਲੱਗਣ ਵਾਲੇ ਜਾਮ ਵਿਚ ਕਮੀ ਲਿਆਉਣ ਲਈ ਬਣਾਇਆ ਗਿਆ ਸੀ ਪਰ ਚੌਕ ਵਿਚ ਜਗ੍ਹਾ ਦੀ ਘਾਟ ਹੋਣ ਕਾਰਨ ਇਸ ਚੈੱਕ ਪੋਸਟ ਦੇ ਬਣ ਜਾਣ ਕਾਰਨ ਟਰੈਫਿਕ ਸਮੱਸਿਆ ਹੋਰ ਵਧ ਗਈ ਹੈ। ਚੌਕ ਵਿਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਚਾਰੇ ਪਾਸੇ ਲੱਗ ਜਾਂਦੀਆਂ ਹਨ, ਜਿਸ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੌਕ 'ਚ ਮੌਜੂਦ ਟਰੈਫਿਕ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਤਾਂ ਪੂਰੀ ਮਿਹਨਤ ਨਾਲ ਨਿਭਾਈ ਜਾਦੀ ਹੈ ਪਰ ਚੈੱਕ ਪੋਸਟ ਦੇ ਮੌਜੂਦ ਹੋਣ ਕਾਰਨ ਉਨ੍ਹਾਂ ਨੂੰ ਟਰੈਫਿਕ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ, ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਅਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਚੈੱਕ ਪੋਸਟ ਨੂੰ ਹਟਾਇਆ ਜਾਵੇ ਤਾਂ ਜੋ ਚੌਕ ਖੁੱਲ੍ਹਾ ਹੋ ਜਾਵੇ ਤੇ ਟਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ।
ਸਿਵਲ ਹਸਪਤਾਲ 'ਚ ਮਾੜੇ ਪ੍ਰਬੰਧਾਂ ਕਾਰਨ ਹਾਹਾਕਾਰ ਮਚੀ
NEXT STORY