ਚੰਡੀਗੜ੍ਹ (ਪਾਲ) : ਵੱਡੇ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਹੈਲਥ ਵਿਭਾਗ ਤੇ ਯੂ. ਟੀ. ਪ੍ਰਸ਼ਾਸਨ ਕਈ ਤਰ੍ਹਾਂ ਦੇ ਕਦਮ ਚੁੱਕ ਰਿਹਾ ਹੈ। ਸੈਕਟਰ-48 'ਚ ਹੈਲਥ ਵਿਭਾਗ ਵਲੋਂ ਪਹਿਲਾਂ ਹੀ 100 ਬੈੱਡਾਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ। ਉਥੇ ਹੀ ਮੰਗਲਵਾਰ ਨੂੰ ਸ਼ਹਿਰ ਦੇ ਪਹਿਲੇ ਈ-ਹੈਲਥ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਐਲਾਨ ਕੀਤਾ ਹੈ ਕਿ ਧਨਾਸ 'ਚ ਈ-ਹੈਲਥ ਸੈਂਟਰ ਤੋਂ ਬਾਅਦ ਛੇਤੀ ਹੀ 50 ਬੈੱਡਾਂ ਦੇ ਹਸਪਤਾਲ ਦਾ ਨਿਰਮਾਣ ਵੀ ਕਰਵਾਇਆ ਜਾਏਗਾ, ਤਾਂ ਜੋ ਆਸ-ਪਾਸ ਦੇ ਮਰੀਜ਼ਾਂ ਨੂੰ ਹੋਰ ਵਧੀਆ ਮੈਡੀਕਲ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਰੂਰਲ ਏਰੀਆ ਤੇ ਆਸ-ਪਾਸ ਦੇ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਮਿਲਣਗੀਆਂ ਤੇ ਇਸ ਨਾਲ ਵੱਡੇ ਹਸਪਤਾਲਾਂ 'ਤੇ ਵਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਮਲੋਆ 'ਚ ਵੀ 50 ਬੈੱਡਾਂ ਦੇ ਹਸਪਤਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲੇ, ਇਹੋ ਡਾਕਟਰਾਂ ਤੇ ਸਾਡੀ ਪਹਿਲ ਹੈ। ਚੰਡੀਗੜ੍ਹ ਹੈਲਥ ਡਾਇਰੈਕਟਰ ਡਾ. ਜੀ. ਦੀਵਾਨ ਨੇ ਦੱਸਿਆ ਕਿ ਚੰਡੀਗੜ੍ਹ ਹੈਲਥ ਵਿਭਾਗ ਨੇ ਪਿਛਲੇ ਸਾਲ ਇਕ ਵੱਡਾ ਕਦਮ ਚੁੱਕਦੇ ਹੋਏ ਸੈਕਟਰ-48 'ਚ 100 ਬੈੱਡਾਂ ਦਾ ਹਸਪਤਾਲ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਨਵੇਂ ਹੈਲਥ ਡਾਇਰੈਕਟਰ ਦੀ ਮੰਨੀਏ ਤਾਂ ਛੇਤੀ ਤੋਂ ਛੇਤੀ ਉਹ ਇਸ ਹਸਪਤਾਲ ਦਾ ਨਿਰਮਾਣ ਪੂਰਾ ਕਰਵਾਉਣ ਦਾ ਯਤਨ ਕਰਨਗੇ। ਨਵੇਂ ਬਣ ਰਹੇ ਇਸ ਹਸਪਤਾਲ 'ਤੇ 37 ਕਰੋੜ ਦੀ ਲਾਗਤ ਆਏਗੀ, ਇਸ ਦੇ ਨਾਲ ਹੀ ਹਸਪਤਾਲ 'ਚ ਬੈੱਡ ਵੀ ਵਧਾਏ ਜਾਣਗੇ।
2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਨਿਰਮਾਣ
ਧਨਾਸ 'ਚ ਪੀ. ਜੀ. ਆਈ. ਟੈਲੀ ਮੈਡੀਸਨ ਵਿਭਾਗ ਦੀ ਹੈੱਡ ਪ੍ਰੋ. ਮੀਨੂ ਦੀ ਅਗਵਾਈ 'ਚ ਸ਼ਹਿਰ ਦਾ ਪਹਿਲਾ ਈ-ਹੈਲਥ ਸੈਂਟਰ ਬਣ ਕੇ ਤਿਆਰ ਹੋਇਆ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇਸਦਾ ਉਦਘਾਟਨ ਕੀਤਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ, ਪ੍ਰੋ. ਮੀਨੂ ਸਿੰਘ, ਹੋਮ ਸੈਕਟਰੀ ਅਨੁਰਾਗ ਅਗਰਵਾਲ, ਹੈਲਥ ਡਾਇਰੈਕਟਰ ਡਾ. ਜੀ. ਦੀਵਾਨ ਤੇ ਸਾਬਕਾ ਮੇਅਰ ਕਮਲਾ ਸ਼ਰਮਾ ਮੌਜੂਦ ਸਨ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ 2 ਸਾਲ ਪਹਿਲਾਂ ਹੈਲਥ ਮਿਸ਼ਨ ਦੀ ਇਕ ਬੈਠਕ 'ਚ ਸਾਬਕਾ ਹੈਲਥ ਡਾਇਰੈਕਟਰ ਤੇ ਚੰਡੀਗੜ੍ਹ ਏਡਸ ਕੰਟ੍ਰੋਲ ਸੁਸਾਇਟੀ ਦੀ ਪ੍ਰੋਜੈਕਟ ਡਾਇਰੈਕਟਰ ਡਾ. ਵਨੀਤਾ ਗੁਪਤਾ ਨੇ ਇਸ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਪ੍ਰੋਜੈਕਟ 'ਚ ਰੁਚੀ ਲਈ ਸੀ, ਨਾਲ ਹੀ ਸੰਸਦ ਮੈਂਬਰ ਨੇ ਕਿਹਾ ਕਿ ਈ-ਹੈਲਥ ਸੈਂਟਰਾਂ ਦੀ ਮਦਦ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ ਤੇ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ 'ਚ ਨਹੀਂ ਜਾਣਾ ਪਵੇਗਾ। ਇਸ ਨਾਲ ਵੱਡੇ ਹਸਪਤਾਲਾਂ 'ਚ ਭੀੜ ਵੀ ਘੱਟ ਹੋ ਸਕੇਗੀ।
ਸੈਂਟਰ ਨਾਲ ਜੁੜਨਗੇ ਪੀ. ਜੀ. ਆਈ. ਦੇ ਟੈਲੀ ਮੈਡੀਸਨ
ਪੀ. ਜੀ. ਆਈ., ਜੀ. ਐੱਮ. ਸੀ. ਐੱਚ.-32 ਤੇ ਜੀ. ਐਾੱਮ. ਐੱਸ. ਐੱਚ. ਸੈਕਟਰ-16 ਵਰਗੇ ਹਸਪਤਾਲਾਂ 'ਚ ਮਰੀਜ਼ਾਂ ਦੀ ਭੀੜ ਘੱਟ ਕਰਨ ਲਈ ਹੀ ਈ-ਹੈਲਥ ਕਲੀਨਿਕ 'ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਸਾਰੇ ਕਲੀਨਿਕ ਪੀ. ਜੀ. ਆਈ. ਦੇ ਟੈਲੀ ਮੈਡੀਸਨ ਸੈਂਟਰ ਨਾਲ ਜੁੜੇ ਰਹਿਣਗੇ। ਈ-ਹੈਲਥ ਕਲੀਨਿਕ ਪ੍ਰਾਈਵੇਟ ਕੰਪਨੀ ਵਲੋਂ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ 'ਚ ਕੰਪਿਊਟਰ, ਡਾਕਟਰ, ਟੈਕਨਾਲੋਜਿਸਟ ਹੋਣਗੇ, ਜੋ ਮਰੀਜ਼ਾਂ ਦਾ ਮੁੱਢਲਾ ਇਲਾਜ ਕਰਨਗੇ। ਉਸ ਦੇ ਲੋੜੀਂਦੇ ਟੈਸਟ ਵੀ ਉਸੇ ਥਾਂ 'ਤੇ ਹੋ ਜਾਣਗੇ ਜੇਕਰ ਮਰੀਜ਼ ਨੂੰ ਰੈਫਰ ਕਰਨਾ ਹੋਵੇਗਾ ਤਾਂ ਉਸ ਦੀ ਰਿਪੋਰਟ ਪੀ. ਜੀ. ਆਈ. ਦੇ ਟੈਲੀ ਮੈਡੀਸਨ ਸੈਂਟਰ ਭੇਜ ਦਿੱਤੀ ਜਾਏਗੀ ਤੇ ਇਸਦੀ ਜਾਣਕਾਰੀ ਸੈਂਟਰ 'ਚ ਬੈਠੇ ਡਾਕਟਰਾਂ ਨੂੰ ਦੇ ਦਿੱਤੀ ਜਾਏਗੀ। ਰਿਪੋਰਟ ਵੇਖਣ ਤੋਂ ਬਾਅਦ ਡਾਕਟਰ ਈ-ਹੈਲਥ ਕਲੀਨਿਕ 'ਚ ਬੈਠੇ ਡਾਕਟਰ ਨੂੰ ਦਵਾਈ ਤੇ ਇਲਾਜ ਦੇ ਹੋਰ ਕਾਰਕਾਂ ਬਾਰੇ ਜਾਣਕਾਰੀ ਦੇਵੇਗਾ। ਇਸ ਦੇ ਨਾਲ ਹੀ ਮਰੀਜ਼ ਵੱਡੇ ਹਸਪਤਾਲਾਂ 'ਚ ਰੈਫਰ ਨਹੀਂ ਕਰਨੇ ਪੈਣਗੇ।
ਅਕਾਲੀ ਦਲ ਦੇ ਜੁਝਾਰੂ ਵਰਕਰ ਕਾਂਗਰਸੀਆਂ ਦੀਆਂ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ : ਮਜੀਠੀਆ
NEXT STORY