ਅੰਮ੍ਰਿਤਸਰ, (ਦਲਜੀਤ)— ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਟਿਆਲਾ ਧਰਨੇ ’ਤੇ ਬੈਠੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੂੰ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਉਹ ਬੱਚਿਆਂ ਦੀ ਪਡ਼੍ਹਾਈ ਨੂੰ ਦਾਅ ’ਤੇ ਨਾ ਲਾਉਣ, ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਇਹ ਸ਼ਬਦ ਅੱਜ ਅੰਮ੍ਰਿਤਸਰ ’ਚ ਐਸੋਸੀਏਟਿਡ ਸਕੂਲ ਐਸੋਸੀਏਸ਼ਨ ਵੱਲੋਂ ਕਰਵਾਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਕਹੇ।
ਉਨ੍ਹਾਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ 3 ਮਹੀਨੇ ਪਹਿਲਾਂ ਉਨ੍ਹਾਂ ਨਾਲ ਬੈਠਕ ਕਰ ਕੇ ਰਮਸਾ ਐੱਸ. ਅੈੱਸ. ਏ. ਅਧਿਆਪਕਾਂ ਦੀ ਬੇਸਿਕ ਤਨਖਾਹ ’ਤੇ ਰਹਿਣ ਦੀ ਸਹਿਮਤੀ ਦਿੱਤੀ ਸੀ, ਜਿਸ ਤੋਂ ਬਾਅਦ ਹੀ ਸਰਕਾਰ ਨੇ ਅਧਿਆਪਕਾਂ ਨੂੰ ਰੈਗੁੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੇ ਬਾਵਜੂਦ ਸਾਂਝਾ ਅਧਿਆਪਕ ਮੋਰਚਾ ਦੇ ਕੁਝ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਧਿਆਪਕਾਂ ਨੂੰ ਸਮਝਣਾ ਪਵੇਗਾ ਕਿ ਕੇਂਦਰ ਸਰਕਾਰ ਦੇ ਫੰਡਾਂ ਨਾਲ ਉਨ੍ਹਾਂ ਦੀ ਨੌਕਰੀ ਚੱਲ ਰਹੀ ਹੈ। ਹੁਣ ਕੇਂਦਰ ਸਰਕਾਰ ਦੇ ਫੰਡ ਬੰਦ ਹੋ ਰਹੇ ਹਨ। ਸੋਸਾਇਟੀਆਂ ਅਧੀਨ ਕੰਮ ਕਰਨ ਵਾਲੇ ਅਜਿਹੇ ਅਧਿਆਪਕਾਂ ਦੀ ਨੌਕਰੀ ਖਤਰੇ ਵਿਚ ਸੀ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦਾ ਰੋਜ਼ਗਾਰ ਬਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰੈਗੁੂਲਰ ਕਰਨ ਦਾ ਵੀ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਅਧਿਆਪਕ ਸਕੂਲ ਛੱਡ ਕੇ ਧਰਨੇ ’ਤੇ ਗਏ ਤਾਂ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ। ਬੱਚਿਆਂ ਦੀ ਪਡ਼੍ਹਾਈ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੂੰ ਘੱਟ ਫੀਸ ’ਚ ਚੰਗੀ ਸਿੱਖਿਆ ਉਪਲਬਧ ਕਰਵਾ ਰਹੇ ਹਨ। ਨਿੱਜੀ ਸਕੂਲ ਪੰਜਾਬ ਵਿਚ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹੇ ’ਚ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਰਕਾਰ ਐਸੋਸੀਏਟ ਸਕੂਲਾਂ ਪ੍ਰਤੀ ਗੰਭੀਰ ਹੈ। ਪੰਜਾਬ ਦੇ ਕਿਸੇ ਵੀ ਸਕੂਲ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਪਰ ਨਿੱਜੀ ਸਕੂਲਾਂ ਨੂੰ ਸਾਰੇ ਸਰਕਾਰੀ ਨਿਯਮ ਪੂਰੇ ਕਰਨੇ ਪੈਣਗੇ। ਇਸ ਮੌਕੇ ਡੀ. ਈ. ਓ. ਸੈਕੰਡਰੀ ਸਲਵਿੰਦਰ ਸਿੰਘ ਸਮਰਾ, ਪ੍ਰਮੋਦ ਮਿੱਡਾ, ਜਤਿੰਦਰ ਸ਼ਰਮਾ, ਸੁਰਜੀਤ ਸਿੰਘ ਸੰਧੂ, ਰਾਣਾ ਜਗਦੀਸ਼ ਚੰਦਰ, ਲਖਬੀਰ, ਕੰਵਲ ਅਦਲੀਵਾਲ, ਸ਼ਾਮ ਲਾਲ, ਕੰਵਲਜੀਤ ਸਿੰਘ, ਵਿੱਕੀ ਨਰੂਲਾ, ਉਮਿੰਦਰ ਸਿੰਘ, ਆਨੰਦ ਸਿੰਘ, ਲਖਬੀਰ ਤੇ ਮੰਤਰੀ ਸੋਨੀ ਦੇ ਓ. ਐੱਸ. ਡੀ. ਕੈਪਟਨ ਸੰਜੀਵ ਸ਼ਰਮਾ ਸਮੇਤ ਸਕੂਲਾਂ ਦੇ ਮੁਖੀ ਮੌਜੂਦ ਸਨ।
ਨਾਜਾਇਜ਼ ਪਿਸਤੌਲ ਲੈ ਕੇ ਘੁੰਮਦਾ ਜਿਮ ਮਾਲਕ ਗ੍ਰਿਫਤਾਰ
NEXT STORY