ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ)- ਪਿੰਡ ਸੋਹਲ ਸਥਿਤ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸੈਣਿ ਭਗਤ ਵਿਖੇ ਡਿਊਟੀ ਕਰਦੇ ਇਕ 80 ਸਾਲਾ ਬਜ਼ੁਰਗ ਅਖੰਡ ਪਾਠੀ ਗੱਜਣ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਭੇਜ ਸਿੰਘ 'ਤੇ ਡਿਊਟੀ ਲਾਉਣ ਤੋਂ ਹੋਏ ਵਿਵਾਦ 'ਤੇ ਉਸ ਦੀ ਕੁੱਟਮਾਰ ਕਰ ਕੇ ਗੰਭੀਰ ਜ਼ਖਮੀ ਕਰਨ ਦੇ ਕਥਿਤ ਦੋਸ਼ ਲਾਏ ਹਨ। ਜ਼ਖਮੀ ਅਖੰਡ ਪਾਠੀ ਬਾਪੂ ਗੱਜਣ ਸਿੰਘ ਕਸੇਲ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ-ਇਲਾਜ ਹੈ। ਥਾਣਾ ਝਬਾਲ ਦੀ ਪੁਲਸ ਨੇ ਇਸ ਮਾਮਲੇ 'ਚ ਜਾਂਚ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਦੂਜੀ ਧਿਰ ਦੇ ਗ੍ਰੰਥੀ ਭਾਈ ਗੁਰਭੇਜ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਗੱਜਣ ਸਿੰਘ ਵੱਲੋਂ ਉਸ ਨੂੰ ਗਾਲੀ-ਗਲੋਚ ਕਰਨ ਦੀ ਗੱਲ ਕਹੀ ਹੈ। ਜਾਣਕਾਰੀ ਦਿੰਦਿਆਂ ਅਖੰਡ ਪਾਠੀ ਗੱਜਣ ਸਿੰਘ ਪੁੱਤਰ ਖੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਵਾਈ ਬਲਵਿੰਦਰ ਸਿੰਘ ਦੀ ਮੌਤ ਹੋ ਜਾਣ ਕਰ ਕੇ ਪਿਛਲੇ ਕਰੀਬ 32 ਸਾਲਾਂ ਤੋਂ ਪਿੰਡ ਸੋਹਲ ਵਿਖੇ ਗੁਰਦੁਆਰਾ ਸੈਣਿ ਭਗਤ ਸਾਹਿਬ ਦੇ ਨਜ਼ਦੀਕ ਰਹਿੰਦੀ ਆਪਣੀ ਵਿਧਵਾ ਧੀ ਸੁਖਵਿੰਦਰ ਕੌਰ ਦੇ ਪਰਿਵਾਰ ਦੀ ਦੇਖ-ਭਾਲ ਲਈ ਉਸ ਕੋਲ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਗੁਰਦੁਆਰਾ ਸੈਣਿ ਭਗਤ ਜੀ ਵਿਖੇ ਬਤੌਰ ਸ੍ਰੀ ਅਖੰਡ ਪਾਠੀ ਸਿੰਘ ਵਜੋਂ ਉਹ ਸੇਵਾ ਨਿਭਾਉਂਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਕਰੀਬ ਇਕ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਨਵਾਂ ਨਿਯੁਕਤ ਕੀਤਾ ਗਿਆ ਗ੍ਰੰਥੀ ਭਾਈ ਗੁਰਭੇਜ ਸਿੰਘ ਉਸ ਨਾਲ ਨਿੱਜੀ ਰੰਜਿਸ਼ ਰਖਦਾ ਆ ਰਿਹਾ ਹੈ।
ਬਾਪੂ ਗੱਜਣ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਪਣੀ ਡਿਊਟੀ ਪੂਰੀ ਕਰ ਕੇ ਗੁਰਦੁਆਰਾ ਸਾਹਿਬ ਦੇ ਦਰਬਾਰ 'ਚੋਂ ਬਾਹਰ ਆ ਰਿਹਾ ਸੀ ਤਾਂ ਗ੍ਰੰਥੀ ਗੁਰਭੇਜ ਸਿੰਘ ਵੱਲੋਂ ਉਸ ਨੂੰ ਬੁਰਾ-ਭਲਾ ਬੋਲਦਿਆਂ ਬੁਰੀ ਤਰ੍ਹਾਂ ਕੁੱਟਿਆ ਗਿਆ। ਗੱਜਣ ਸਿੰਘ ਦੀ ਲੜਕੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਗੁਰਭੇਜ ਸਿੰਘ ਨੇ ਉਸ ਦੇ ਪਿਤਾ ਦੀ ਕੁੱਟਮਾਰ ਕਰਨ ਸਮੇਂ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਬੰਦ ਕਰ ਦਿੱਤੇ ਸਨ ਤਾਂ ਕਿ ਘਟਨਾ ਦਾ ਸੱਚ ਸਾਹਮਣੇ ਨਾ ਆ ਸਕੇ। ਉਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸਰਕਾਰੀ ਹਸਪਤਾਲ ਕਸੇਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਦੇ ਸੱਟਾਂ ਗਹਿਰੀਆਂ ਹੋਣ ਕਰ ਕੇ ਉਸ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਰੈਫਰ ਕੀਤਾ ਜਾ ਰਿਹਾ ਹੈ।
ਭਾਈ ਗੁਰਭੇਜ ਸਿੰਘ ਨੇ ਗੱਜਣ ਸਿੰਘ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗੱਜਣ ਸਿੰਘ ਵਿਰੁੱਧ ਉਸ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਕਾਰਨ ਗੁਰਦੁਆਰਾ ਸਾਹਿਬ ਜੀ ਦਾ ਗ੍ਰੰਥੀ ਹੋਣ ਦੇ ਨਾਤੇ ਗੱਜਣ ਸਿੰਘ ਦਾ ਸਿੱਖ-ਰਹਿਤ ਮਰਯਾਦਾ 'ਤੇ ਖਰਾ ਨਾ ਉਤਰਦਿਆਂ ਹੋਣ ਕਰ ਕੇ ਗੁਰਦੁਆਰਾ ਸਾਹਿਬ 'ਚੋਂ ਡਿਊਟੀ ਕੱਟੀ ਹੋਈ ਸੀ। ਡਿਊਟੀ ਕੱਟੀ ਹੋਣ ਦੇ ਬਾਵਜੂਦ ਗੱਜਣ ਸਿੰਘ ਵੱਲੋਂ ਜ਼ਬਰਦਸ਼ਤੀ ਸ੍ਰੀ ਅਖੰਡ ਪਾਠ ਦੀ ਡਿਊਟੀ ਲਾਈ ਗਈ।
ਡਿਊਟੀ ਖਤਮ ਕਰਨ ਤੋਂ ਬਾਅਦ ਗੱਜਣ ਸਿੰਘ ਨੇ ਉਸ ਨਾਲ ਦੁਰਵਿਵਹਾਰ ਕਰਦਿਆਂ ਗੰਦੀਆਂ ਗਾਲ੍ਹਾਂ ਕੱਢੀਆਂ ਸਨ। ਗੁਰਭੇਜ ਸਿੰਘ ਨੇ ਗੱਜਣ ਸਿੰਘ ਦੀ ਕੁੱਟਮਾਰ ਕਰਨ ਦੀ ਗੱਲ ਨੂੰ ਕਬੂਲਦਿਆਂ ਕਿਹਾ ਕਿ ਪਹਿਲਾਂ ਗੱਜਣ ਸਿੰਘ ਵੱਲੋਂ ਉਸ ਨੂੰ ਗਾਲੀ-ਗਲੋਚ ਕੀਤਾ ਗਿਆ ਸੀ।
ਸਹੀ ਸਮੇਂ 'ਤੇ ਸਰਵਿਸ ਨਾ ਦਿੱਤੀ ਤਾਂ ਅਫਸਰਾਂ ਨੂੰ ਦੇਣਾ ਪਵੇਗਾ 500 ਤੋਂ 5000 ਤਕ ਜੁਰਮਾਨਾ
NEXT STORY