ਜਲੰਧਰ (ਚੋਪੜਾ/ਰਾਹੁਲ ਕਾਲਾ)–ਇੰਪਰੂਵਮੈਂਟ ਟਰੱਸਟ ਦਫਤਰ ਵਿਚ ਫਾਈਲਾਂ, ਡਿਸਪੈਚ ਰਜਿਸਟਰ, ਰਿਕਾਰਡ, ਕੈਸ਼ਬੁੱਕ ਸਮੇਤ ਹੋਰ ਦਸਤਾਵੇਜ਼ਾਂ ਦੇ ਗੁੰਮ ਹੋਣ ਦੇ ਮਾਮਲੇ 'ਚ ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਆਸ਼ੀਸ਼ ਕੁਮਾਰ ਕੈਸ਼ੀਅਰ ਅਤੇ ਅਨੁਜ ਰਾਏ ਜੂਨੀਅਰ ਸਹਾਇਕ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀਜ਼ ਪੰਜਾਬ ਵਿਵੇਕ ਸਿੰਘ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿਚ ਦੱਸਿਆ ਗਿਆ ਕਿ ਚੀਫ ਵਿਜੀਲੈਂਸ ਅਫਸਰ (ਸੀ. ਵੀ. ਓ.) ਵੱਲੋਂ ਜਲੰਧਰ ਇੰਪਰੂਵਮੈਂਟ ਟਰੱਸਟ ਦਫਤਰ ਵਿਰੁੱਧ ਪ੍ਰਾਪਤ ਹੋਈ ਸ਼ਿਕਾਇਤ ਦੀ ਜਾਂਚ ਦੌਰਾਨ ਪਾਈਆਂ ਗਈਆਂ ਕੋਤਾਹੀਆਂ ਦੇ ਮੱਦੇਨਜ਼ਰ ਇਸ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਨੂੰ ਚੰਡੀਗੜ੍ਹ ਦਫਤਰ ਨਾਲ ਅਟੈਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਹਿੰਸਾ : ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਵੀ ਲੋਕਲ ਬਾਡੀਜ਼ ਵਿਭਾਗ ਨੂੰ ਚਿੱਠੀ ਲਿਖ ਕੇ ਈ. ਓ. ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਕੀਤੀ ਸੀ। ਡਿਪਟੀ ਕਮਿਸ਼ਨਰ ਨੇ ਚਿੱਠੀ ਵਿਚ ਲਿਖਿਆ ਸੀ ਕਿ ਚੇਅਰਮੈਨ ਦਾ ਚਾਰਜ ਸੰਭਾਲਣ ਉਪਰੰਤ ਉਨ੍ਹਾਂ ਈ. ਓ. ਪਰਮਿੰਦਰ ਸਿੰਘ ਨੂੰ ਟਰੱਸਟ ਦੀਆਂ ਵੱਖ-ਵੱਖ ਸਕੀਮਾਂ, ਸਟਾਫ ਪੁਜ਼ੀਸ਼ਨ, ਲੈਣ-ਦੇਣਦਾਰੀਆਂ ਅਤੇ ਹੋਰ ਕਈ ਮਹੱਤਵਪੂਰਨ ਫਾਈਲਾਂ ਪੇਸ਼ ਕਰਨ ਬਾਬਤ ਨਿਰਦੇਸ਼ ਦਿੱਤੇ ਪਰ ਈ. ਓ. ਨੇ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਕੇ ਉਕਤ ਸਬੰਧੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ, ਉਲਟਾ ਉਹ ਟਾਲ-ਮਟੋਲ ਦੀ ਨੀਤੀ ਅਪਣਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਵਿਚ ਈ. ਓ. ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ। ਇਸ ਤਰ੍ਹਾਂ ਉਪਰੋਕਤ ਸਾਰੇ ਤੱਥਾਂ ਤੋਂ ਸਪੱਸ਼ਟ ਹੈ ਕਿ ਈ. ਓ. ਪਰਮਿੰਦਰ ਸਿੰਘ ਨਾ ਤਾਂ ਲੋਕਾਂ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ’ਤੇ ਕੋਈ ਧਿਆਨ ਦੇ ਰਹੇ ਹਨ ਤੇ ਨਾ ਹੀ ਟਰੱਸਟ ਦੇ ਰਿਕਾਰਡ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਕੋਈ ਤਵੱਜੋ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ਹਿੰਸਾ 'ਤੇ CM ਮਾਨ ਨੇ ਲਿਆ ਐਕਸ਼ਨ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਡੀ. ਸੀ. ਨੇ ਆਸ਼ੀਸ਼ ਨੂੰ ਜਾਂਚ ਕਮੇਟੀ ’ਚ ਕੀਤਾ ਸ਼ਾਮਲ, ਅਗਲੇ ਦਿਨ ਆਏ ਸਸਪੈਂਸ਼ਨ ਦੇ ਹੁਕਮ
ਇੰਪਰੂਵਮੈਂਟ ਟਰੱਸਟ ਦਫਤਰ ਵਿਚ ਸੀਨੀਅਰ ਸਹਾਇਕ ਅਜੈ ਮਲਹੋਤਰਾ ਦੇ ਨਾਂ ’ਤੇ ਜਾਰੀ ਹੋਈਆਂ 120 ਫਾਈਲਾਂ ਦਾ ਮਾਮਲਾ ਅਜੇ ਪੇਚੀਦਗੀਆਂ ਵਿਚ ਫਸਿਆ ਹੋਇਆ ਹੈ। ਕਮਿਸ਼ਨਰੇਟ ਪੁਲਸ ਨੇ ਡੀ. ਸੀ. ਦੀ ਸ਼ਿਕਾਇਤ ’ਤੇ ਸਾਬਕਾ ਚੇਅਰਮੈਨ ਅਤੇ ਅਜੈ ਮਲਹੋਤਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ, ਜਿਸ ਤੋਂ ਬਾਅਦ ਬੀਤੇ ਦਿਨੀਂ ਹੀ ਡੀ. ਸੀ. ਨੇ ਗੁੰਮ ਹੋਏ ਰਿਕਾਰਡ ਦੀ ਜਾਂਚ ਨੂੰ ਲੈ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿਚ 6 ਮੈਂਬਰੀ ਕਮੇਟੀ ਗਠਿਤ ਕੀਤੀ ਸੀ, ਜਿਸ ਵਿਚ ਕੈਸ਼ੀਅਰ ਆਸ਼ੀਸ਼ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਪਰ ਇਕ ਦਿਨ ਬਾਅਦ ਹੀ ਲੋਕਲ ਬਾਡੀਜ਼ ਵਿਭਾਗ ਨੇ ਆਸ਼ੀਸ਼ ਦੀ ਸਸਪੈਸ਼ਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕਹਿਰ ਦੀ ਗਰਮੀ ਦੌਰਾਨ ਸਕੂਲਾਂ ਦੇ ਸਮੇਂ 'ਚ ਕੀਤਾ ਗਿਆ ਬਦਲਾਅ, ਛੁੱਟੀਆਂ ਨੂੰ ਲੈ ਕੇ ਵੀ ਲਿਆ ਇਹ ਫ਼ੈਸਲਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਟੈਕਸੇਸ਼ਨ ਕਮਿਸ਼ਨਰ ਨੇ ਸੂਬੇ ਦੇ GST ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
NEXT STORY