ਜਲੰਧਰ (ਮਹੇਸ਼, ਸੋਨੂੰ)- ਰੇਲਵੇ ਪੁਲਸ (ਜੀ. ਆਰ. ਪੀ.) ਜਲੰਧਰ ਕੈਂਟ ਨੇ ਇਕ ਨਕਲੀ ਵਿਜੀਲੈਂਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਿਟੀ ਰੇਲਵੇ ਸਟੇਸ਼ਨ ਤੋਂ ਛੱਤੀਸਗੜ੍ਹ ਟ੍ਰੇਨ ਵਿਚ ਚੜ੍ਹ ਕੇ ਜਲੰਧਰ ਕੈਂਟ ਸਟੇਸ਼ਨ ਵੱਲ ਜਾ ਰਿਹਾ ਸੀ, ਜਿਸ ਨੇ ਟੀ. ਟੀ. ਈ. ਪੀਯੂਸ਼ ਸਾਗਰ ਨੂੰ ਦੱਸਿਆ ਕਿ ਉਹ ਵਿਜੀਲੈਂਸ ਇੰਸਪੈਕਟਰ ਹੈ ਅਤੇ ਪੈਂਟਰੀ ਕਾਰ ’ਚ ਕੰਮ ਕਰਨ ਦੀ ਲੋੜ ਹੈ। ਵਿਅਕਤੀ ’ਤੇ ਸ਼ੱਕ ਹੋਣ ’ਤੇ ਟੀ. ਟੀ. ਈ. ਪਿਊਸ਼ ਸਾਗਰ ਨੇ ਉਸ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਟ੍ਰੇਨ ਤੋਂ ਉਤਾਰ ਦਿੱਤਾ ਅਤੇ ਉਸ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਡਿਊਟੀ ’ਤੇ ਮੌਜੂਦ ਟੀ. ਟੀ. ਈ. ਗੁੰਜਨ ਸ਼ਰਮਾ ਦੇ ਸਾਹਮਣੇ ਪੇਸ਼ ਕੀਤਾ। ਬਾਅਦ ਵਿਚ ਉਸ ਨੂੰ ਜੀ. ਆਰ. ਪੀ. ਚੌਕੀ, ਜਲੰਧਰ ਕੈਂਟ ਲਿਆਂਦਾ ਗਿਆ, ਜਿੱਥੇ ਉਸ ਨੇ ਇਕ ਨਕਲੀ ਵਿਜੀਲੈਂਸ ਇੰਸਪੈਕਟਰ ਹੋਣ ਦਾ ਆਪਣਾ ਗੁਨਾਹ ਕਬੂਲ ਕੀਤਾ।
ਇਹ ਜਾਣਕਾਰੀ ਸਿਟੀ ਰੇਲਵੇ ਸਟੇਸ਼ਨ ਪੁਲਸ ਸਟੇਸ਼ਨ, ਜਲੰਧਰ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਸਰਾਂ ਨੇ ਦਿੱਤੀ। ਉਨ੍ਹਾਂ ਨਾਲ ਜੀ. ਆਰ. ਪੀ. ਚੌਕੀ ਜਲੰਧਰ ਕੈਂਟ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਵੀ ਮੌਜੂਦ ਸਨ। ਰੇਲਵੇ ਪੁਲਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਨਕਲੀ ਵਿਜੀਲੈਂਸ ਇੰਸਪੈਕਟਰ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ, ਜੋ ਕਿ ਮਰਹੂਮ ਜਬਰ ਅਲੀ ਸ਼ਰੀਫ ਦਾ ਪੁੱਤਰ ਹੈ, ਜੋ ਕਿ ਮਕਾਨ ਨੰਬਰ 42/14 ਸਰਪੈਂਟਾਈਨ ਸਟਰੀਟ, ਰਿਚਮੰਡ ਟਾਊਨ ਮਿਊਜ਼ੀਅਮ ਰੋਡ, ਬੰਗਲੌਰ (ਕਰਨਾਟਕ) ਦਾ ਰਹਿਣ ਵਾਲਾ ਹੈ। ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਨਕਲੀ ਵਿਜੀਲੈਂਸ ਇੰਸਪੈਕਟਰ ਜਾਵੇਦ ਅਲੀ ਰੇਲਵੇ ਦਾ ਸੇਵਾਮੁਕਤ ਪਬਲੀਸਿਟੀ ਇੰਸਪੈਕਟਰ ਹੈ। ਉਸ ਵਿਰੁੱਧ ਜੀ. ਆਰ.ਪੀ. ਪੁਲਸ ਸਟੇਸ਼ਨ ਜਲੰਧਰ ਵਿਖੇ ਆਈ. ਪੀ. ਸੀ. ਦੀ ਧਾਰਾ 204, 319 (2) ਤਹਿਤ ਐੱਫ. ਆਈ. ਆਰ. ਨੰਬਰ 76 ਦਰਜ ਕੀਤੀ ਗਈ ਹੈ ਅਤੇ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਦੋਸ਼ੀ ਜਾਵੇਦ ਅਲੀ ਪਹਿਲਾਂ ਵੀ ਮੁਰਾਦਾਬਾਦ ਡਵੀਜ਼ਨ ਵਿਚ ਇਸੇ ਤਰ੍ਹਾਂ ਦੀ ਧੋਖਾਧੜੀ ਕਰ ਚੁੱਕਾ ਹੈ।
ਦਰਅਸਲ, ਮੁਲਜ਼ਮ ਫ਼ਿਲਮੀ ਸਟਾਈਲ ਵਿਚ ਰੌਅਬ ਝਾੜਣ, ਵੀ. ਆਈ. ਪੀ. ਟ੍ਰੀਟਮੈਂਟ ਲੈਣ ਤੇ ਟ੍ਰੇਨਾਂ ਵਿਚ ਮੁਫ਼ਤ ਏ. ਸੀ. ਸਫ਼ਰ ਕਰਨ ਲਈ ਜਾਅਲਸਾਜ਼ੀ ਕਰ ਰਿਹਾ ਸੀ। ਉਹ ਪਿਛਲੇ ਲਗਭਗ 6 ਮਹੀਨਿਆਂ ਤੋਂ ਫਿਰੋਜ਼ਪੁਰ ਮੰਡਲ ਵਿਚ ਵਿਜੀਲੈਂਸ ਇੰਸਪੈਕਟਰ ਬਣੀ ਘੁੰਮ ਰਿਹਾ ਸੀ। ਉਹ ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ 'ਤੇ ਵੀ ਇਸੇ ਤਰ੍ਹਾਂ ਫਰਜ਼ੀ ਇੰਸਪੈਕਟਰ ਬਣ ਕੇ ਠੱਗੀ ਮਾਰਦੇ ਫੜ੍ਹਿਆ ਗਿਆ ਸੀ। ਅਫ਼ਸਰਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿਚ ਵੀ. ਆਈ. ਪੀ. ਟ੍ਰੀਟਮੈਂਟ ਲੈ ਕੇ ਜਲੰਧਰ ਕੈਂਟ ਪਹੁੰਚਿਆ ਸੀ ਤੇ ਉੱਥੋਂ ਉਸ ਨੇ ਏ. ਸੀ. ਕੋਚ ਵਿਚ ਮੁਫ਼ਤ ਲੁਧਿਆਣਾ ਜਾਣਾ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਖ਼ੁਦ ਚੈਕਿੰਗ ਸਟਾਪ਼ ਨੂੰ ਲੈ ਕੇ ਟ੍ਰੇਨਾਂ ਤੇ ਜਲੰਧਰ, ਫ਼ਗਵਾੜਾ, ਕਪੂਰਤਲ਼ਾ ਤੇ ਲੁਧਿਆਣਾ ਦੇ ਬੁਕਿੰਗ ਕਾਉਂਟਰਾਂ ਦੀ ਚੈਕਿੰਗ ਕਰਨ ਪਹੁੰਚ ਜਾਂਦਾ ਸੀ। ਹਾਲ ਹੀ ਵਿਚ ਜਦੋਂ ਉਹ ਜਲੰਧਰ ਕੈਂਟ 'ਤੇ ਚੈਕਿੰਗ ਸਟਾਫ਼ 'ਤੇ ਰੌਅਬ ਝਾੜ ਰਿਹਾ ਸੀ ਤਾਂ ਉਸ ਦੀਆਂ ਕੁਝ ਅਜੀਬ ਹਰਕਤਾਂ ਤੋਂ ਸਟਾਫ਼ ਨੂੰ ਸ਼ੱਕ ਹੋਇਆ। ਸਟਾਫ਼ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਅਫ਼ਸਰਾਂ ਨੂੰ ਦਿੱਤੀ। ਸੀ. ਐੱਮ. ਆਈ. ਮੌਕੇ 'ਤੇ ਪਹੁੰਚੇ ਤੇ ਮੁਲਜ਼ਮ ਤੋਂ ਉਸ ਦਾ ਆਈ. ਡੀ. ਕਾਰਡ ਮੰਗ ਲਿਆ, ਪਰ ਉਹ ਘਬਰਾ ਗਿਆ ਤੇ ਕੋਈ ਵੈਧ ਕਾਗਜ਼ ਨਹੀਂ ਦਿਖਾ ਸਕਿਆ। ਜੀ. ਆਰ. ਪੀ. ਤੇ ਆਰ. ਪੀ. ਐੱਫ਼. ਨੂੰ ਤੁਰੰਤ ਮੌਕੇ 'ਤੇ ਸੱਦ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।
ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ
NEXT STORY