ਜਲਾਲਾਬਾਦ(ਜ.ਬ.)-ਸਰਕਾਰ ਵੱਲੋਂ ਸਕੂਲਾਂ, ਕਾਲਜਾਂ ਅਤੇ ਕਈ ਹੋਰ ਜਨਤਕ ਥਾਵਾਂ 'ਤੇ ਸੈਮੀਨਾਰ ਲਾ ਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਕਿਸਾਨਾਂ ਤੱਕ ਇਹ ਜਾਣਕਾਰੀਆਂ ਨਾ ਪਹੁੰਚਣ ਕਾਰਨ ਕਿਸਾਨ ਫਸਲਾਂ ਦੀ ਕਟਾਈ ਤੋਂ ਬਾਅਦ ਨਾੜ ਜਾਂ ਪਰਾਲੀ ਨੂੰ ਅੱਗ ਦੇ ਹਵਾਲੇ ਕਰ ਕੇ ਵਾਤਾਵਰਣ ਨਾਲ ਛੇੜਛਾੜ ਕਰਨ ਵਿਚ ਲੱਗੇ ਹੋਏ ਹਨ। ਸਰਕਾਰ ਵੱਲੋਂ ਹਰੇਕ ਸਾਲ ਫਸਲਾਂ ਵੱਢਣ ਤੋਂ ਬਾਅਦ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਸਾੜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ। ਜਦੋਂ 'ਜਗ ਬਾਣੀ' ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ਦਾ ਦੌਰਾ ਕੀਤਾ ਗਿਆ ਤਾਂ ਬਹੁਤੀਆਂ ਜ਼ਮੀਨਾਂ 'ਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਪਿੰਡ ਸੋਹਣਾ ਸਾਂਦੜ ਨਜ਼ਦੀਕ ਕਿਸਾਨਾਂ ਵੱਲੋਂ ਸ਼ਰੇਆਮ ਕਣਕ ਦੇ ਨਾੜ ਨੂੰ ਸਾੜਿਆ ਜਾ ਰਿਹਾ ਸੀ ਤੇ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਤੇ ਵ੍ਹੀਕਲਾਂ ਵਾਲੇ ਲਾਈਟਾਂ ਜਗਾ ਕੇ ਜਾਨ ਜੋਖਮ 'ਚ ਪਾ ਕੇ ਨਿਕਲ ਰਹੇ ਸਨ।
ਕੀ ਕਹਿੰਦੇ ਹਨ ਸਮਾਜ ਸੇਵੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਸੇਵੀ ਕਪਿਲ ਗੂੰਬਰ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ ਵੱਡੀ ਮਾਤਰਾ ਵਿਚ ਧੂੰਆਂ ਹਵਾ ਵਿਚ ਮਿਲ ਕੇ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ, ਸਗੋਂ ਸੜਕਾਂ 'ਤੇ ਇਹ ਧੂੰਆਂ ਫੈਲਣ ਨਾਲ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਕਿਸਾਨਾਂ ਨੂੰ ਇਸ ਗੱਲ ਦਾ ਵੀ ਧਿਆਨ ਨਹੀਂ ਹੁੰਦਾ ਕਿ ਨਾੜ ਜਾਂ ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਕਿਸਾਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ਨਾਲ ਫਸਲਾਂ ਦਾ ਝਾੜ ਵੀ ਘੱਟ ਹੁੰਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪ੍ਰਤੀ ਸਖਤ ਕਦਮ ਚੁੱਕੇ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਸਮਾਜਸੇਵੀ ਵਿਕਾਸਦੀਪ ਚੌਧਰੀ (ਵਿੱਕੀ) ਨੇ ਕਿਹਾ ਕਿ ਅੱਜ ਦੀ ਕੀਤੀ ਪਹਿਲ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਤੋਂ ਬਚਾਇਆ ਜਾ ਸਕਦਾ ਹੈ। ਇਹ ਕੁਦਰਤ ਨਾਲ ਛੇੜਛਾੜ ਦਾ ਕਾਰਨ ਹੀ ਹੈ ਜੋ ਆਏ ਦਿਨ ਭੂਚਾਲ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲਾਉਂਦੇ ਰਹੇ ਤਾਂ ਇਸ ਨਾਲ ਪ੍ਰਦੂਸ਼ਣ 'ਚ ਵਾਧਾ ਹੋਵੇਗਾ ਤੇ ਲੋਕਾਂ 'ਚ ਸਾਹ ਅਤੇ ਦਮੇ ਦੀਆਂ ਨਾਮੁਰਾਦ ਬੀਮਾਰੀਆਂ ਜਨਮ ਲੈਣਗੀਆਂ। ਉਨ੍ਹਾਂ ਕਿਸਾਨਾਂ ਤੇ ਆਮ ਜਨਤਾ ਅੱਗੇ ਮੰਗ ਕੀਤੀ ਹੈ ਕਿ ਆਪਣਾ ਆਲਾ-ਦੁਆਲਾ ਸਵੱਛ ਰੱਖੋ ਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਓ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY