ਨਵਾਂਸ਼ਹਿਰ(ਮਨੋਰੰਜਨ)-ਸਰਕਾਰ ਵੱਲੋਂ ਮੰਡੀਆਂ ਵਿਚ ਫਸਲਾਂ ਦੀ ਢੁਆਈ ਦੇ ਲਈ ਬਣਾਈ ਗਈ ਨਵੀਂ ਟੈਂਡਰ ਨੀਤੀ ਪਹਿਲੀ ਵਾਰ ਹੀ ਪੂਰੀ ਤਰ੍ਹਾਂ ਫਲਾਪ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਜ਼ਿਲੇ ਦੀਆਂ ਜ਼ਿਆਦਾਤਰ ਮੰਡੀਆਂ ਵਿਚ ਖਰੀਦ ਕੇਂਦਰਾਂ ਵਿਚ ਕਣਕ ਦੀ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਖਰੀਦ ਕੇਂਦਰਾਂ 'ਚ ਕਣਕ ਦੀ ਆਮਦ ਦੇ ਲਈ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਇਸ ਮਸਲੇ ਨਾਲ ਨਿਪਟਣ ਲਈ ਆੜ੍ਹਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਦੀ ਥਾਂਕ ਲਾ ਕੇ ਜਗ੍ਹਾ ਬਣਾਈ ਜਾ ਰਹੀ ਹੈ। ਇਸ ਨਾਲ ਸਮਾਂ ਬਰਬਾਦ ਹੋ ਰਿਹਾ ਹੈ, ਨਾਲ ਹੀ ਮੌਸਮ ਦਾ ਬਦਲਦਾ ਮਿਜ਼ਾਜ ਵੀ ਗੰਭੀਰ ਸੰਕਟ ਬਣਿਆ ਹੋਇਆ ਹੈ। ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਿਫਟਿੰਗ ਦਾ ਕੰਮ ਸਮੇਂ 'ਤੇ ਮੁਕੰਮਲ ਕੀਤਾ ਜਾਵੇ ਤਾਂ ਕਿ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।
ਜ਼ਿਲੇ 'ਚ ਸ਼ਨੀਵਾਰ ਸ਼ਾਮ ਤੱਕ 77958 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ। ਜਿਸ ਵਿਚ 77598 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ। ਇਸ ਖਰੀਦ 'ਚੋਂ ਸਿਰਫ 19829 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋਈ, ਜਦੋਂ ਕਿ 57769 ਮੀਟ੍ਰਿਕ ਟਨ ਕਣਕ ਅਜੇ ਤੱਕ ਮੰਡੀਆਂ ਵਿਚ ਪਈ ਹੈ। ਜ਼ਿਲੇ ਦੀ ਮੁੱਖ ਅਨਾਜ ਮੰਡੀ ਨਵਾਂਸ਼ਹਿਰ 'ਚ 43600 ਟਨ ਕਣਕ ਦੀ ਆਮਦ, ਖਰੀਦ 43280 ਟਨ, ਲਿਫਟਿੰਗ 11275 ਟਨ ਤੇ ਪੈਂਡਿੰਗ ਲਿਫਟਿੰਗ 32005 ਟਨ ਪਈ ਹੈ। ਜਿਸ ਕਾਰਨ ਅਨਾਜ ਮੰਡੀ ਵਿਚ ਕਣਕ ਰੱਖਣ ਦੇ ਲਈ ਜਗ੍ਹਾ ਨਹੀਂ ਹੈ।
ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲਾ ਕਾਬੂ
NEXT STORY