ਰੂਪਨਗਰ, (ਵਿਜੇ ਸ਼ਰਮਾ)-ਰੂਪਨਗਰ ਅਨਾਜ ਮੰਡੀ ’ਚ ਝੋਨੇ ਦੀ ਸੁਸਤ ਲਿਫਟਿੰਗ ਅਤੇ ਕਾਟ ਦੇ ਨਾਂ ’ਤੇ ਕਿਸਾਨਾਂ ਦੀ ਫ਼ਸਲ ਦੀ ਕਥਿਤ ਲੁੱਟ ਵਿਰੁੱਧ ਕਿਸਾਨਾਂ ਨੇ ਅੱਜ ਸੰਘਰਸ਼ ਦਾ ਲੋਹਾ ਮਨਵਾਉਂਦਿਆਂ ਜਲੰਧਰ-ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਨੂੰ ਕਰੀਬ ਸਾਢੇ ਤਿੰਨ ਘੰਟੇ ਜਾਮ ਰੱਖਿਆ। ਕਿਸਾਨਾਂ ਦੇ ਰੋਹ ਅੱਗੇ ਆਖ਼ਰ ਪ੍ਰਸ਼ਾਸਨ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣਾ ਪਿਆ। ਡੀ.ਸੀ. ਰੂਪਨਗਰ ਵੱਲੋਂ ਤੁਰੰਤ ਲਿਫਟਿੰਗ ਲਈ ਟਰੱਕ ਭੇਜਣ ਅਤੇ ਕਿਸਾਨਾਂ ਦੀ ਫ਼ਸਲ ’ਤੇ ਕਿਸੇ ਕਿਸਮ ਦੀ ਕਾਟ ਨਾ ਕੱਟਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲਿਆ। ਜਾਮ ਕਾਰਨ ਮੁੱਖ ਮਾਰਗ ’ਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਰੂਪਨਗਰ ਅਨਾਜ ਮੰਡੀ ਵਿਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਲਿਫਟਿੰਗ ਦੀ ਰਫ਼ਤਾਰ ਬੇਹੱਦ ਸੁਸਤ ਹੋਣ ਕਾਰਨ ਕਿਸਾਨਾਂ ਵਿਚ ਪਹਿਲਾਂ ਹੀ ਰੋਸ ਸੀ। ਕਿਸਾਨ ਜਥੇਬੰਦੀਆਂ ਦਾ ਦੋਸ਼ ਸੀ ਕਿ ਵੱਧ ਨਮੀ ਵਾਲੇ ਝੋਨੇ ਦੇ ਨਾਂ ’ਤੇ ਕਿਸਾਨਾਂ ਦੀ ਫ਼ਸਲ ਵਿਚੋਂ 5 ਤੋਂ 7 ਕਿਲੋ ਪ੍ਰਤੀ ਕੁਇੰਟਲ ਤੱਕ ਕਾਟ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਨਾ ਤਾਂ ਕਾਟ ਦੇ ਨਾਂ ’ਤੇ ਫ਼ਸਲ ਦੀ ਲੁੱਟ ਬਰਦਾਸ਼ਤ ਕਰਨਗੇ ਅਤੇ ਨਾ ਹੀ ਲਿਫਟਿੰਗ ਵਿਚ ਕਿਸੇ ਕਿਸਮ ਦੀ ਅਣਗਹਿਲੀ।
11 ਵਜੇ ਤੱਕ ਟਰੱਕ ਨਾ ਪੁੱਜੇ ਤਾਂ ਭੜਕਿਆ ਕਿਸਾਨਾਂ ਦਾ ਰੋਹ
ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਦਿਨ ਤੋਂ ਹੀ ਲਿਫਟਿੰਗ ਅਤੇ ਕਾਟ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਅੱਜ ਸਵੇਰੇ 11 ਵਜੇ ਤੱਕ ਜਦੋਂ ਮੰਡੀ ਵਿਚ ਕਿਸਾਨਾਂ ਦੀ ਫ਼ਸਲ ਚੁੱਕਣ ਲਈ ਲੋੜੀਂਦੇ ਟਰੱਕ ਨਹੀਂ ਪੁੱਜੇ ਤਾਂ ਕਿਸਾਨਾਂ ਦਾ ਰੋਹ ਭੜਕ ਉੱਠਿਆ। ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਕਰਨਵੀਰ ਸਿੰਘ ਅਤੇ ਮੁਖਤਿਆਰ ਸਿੰਘ ਮਾਲਾ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਜੁਝਾਰ ਸਿੰਘ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਜਲੰਧਰ-ਚੰਡੀਗੜ੍ਹ-ਮਨਾਲੀ ਹਾਈਵੇ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਾਮ ਲੱਗਦਿਆਂ ਹੀ ਮੁੱਖ ਮਾਰਗ ’ਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਲੱਗਦੀਆਂ ਸੜਕਾਂ ’ਤੇ ਵੀ ਕਈ-ਕਈ ਕਿਲੋਮੀਟਰ ਤੱਕ ਜਾਮ ਲੱਗੇ। ਸਥਿਤੀ ਨੂੰ ਸੰਭਾਲਣ ਲਈ ਵੱਖ-ਵੱਖ ਥਾਣਿਆਂ ਦੀ ਪੁਲਸ ਮੌਕੇ ’ਤੇ ਤਾਇਨਾਤ ਰਹੀ। ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਨ ਅਤੇ ਜਾਮ ਖੁਲ੍ਹਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਿਸਾਨ ਆਪਣੀਆਂ ਮੰਗਾਂ ’ਤੇ ਡਟੇ ਰਹੇ।
‘ਲਿਫਟਿੰਗ ਨਹੀਂ ਤਾਂ ਹਾਈਵੇ ਨਹੀਂ ਖੁੱਲ੍ਹੇਗਾ’
ਕਿਸਾਨ ਆਗੂਆਂ ਨੇ ਸਪੱਸ਼ਟ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਿਸਾਨਾਂ ਦੀ ਫਸਲ ਦੀ ਲਿਫਟਿੰਗ ਯਕੀਨੀ ਨਹੀਂ ਬਣਾਈ ਜਾਂਦੀ ਅਤੇ ਕਾਟ ਨਾ ਕੱਟਣ ਦਾ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਹਾਈਵੇ ਨਹੀਂ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਡੀ.ਸੀ. ਰੂਪਨਗਰ ਦੇ ਦਫਤਰ ਵਿਚ ਮੀਟਿੰਗ ਹੋਈ। ਡੀ.ਸੀ. ਵੱਲੋਂ ਕਿਸਾਨ ਆਗੂਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਗਿਆ ਕਿ ਕਿਸਾਨਾਂ ਦੀ ਫ਼ਸਲ ’ਤੇ ਕਿਸੇ ਵੀ ਕਿਸਮ ਦੀ ਕਾਟ ਨਹੀਂ ਕੱਟੀ ਜਾਵੇਗੀ ਅਤੇ ਝੋਨੇ ਦੀ ਲਿਫਟਿੰਗ ਲਈ ਤੁਰੰਤ ਟਰੱਕ ਭੇਜੇ ਜਾਣਗੇ। ਪ੍ਰਸ਼ਾਸਨ ਵੱਲੋਂ ਦਿੱਤੇ ਇਸ ਭਰੋਸੇ ਤੋਂ ਬਾਅਦ ਕਿਸਾਨਾਂ ਦਾ ਰੋਹ ਸ਼ਾਂਤ ਹੋਇਆ ਅਤੇ ਕਰੀਬ ਸਾਢੇ ਤਿੰਨ ਘੰਟਿਆਂ ਬਾਅਦ ਹਾਈਵੇ ਤੋਂ ਧਰਨਾ ਚੁੱਕਿਆ ਗਿਆ। ਇਸ ਮਗਰੋਂ ਆਵਾਜਾਈ ਮੁੜ ਬਹਾਲ ਹੋਈ ਅਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ।
‘ਭਰੋਸੇ ’ਤੇ ਨਿਗ੍ਹਾ, ਗੱਲ ਨਾ ਮੰਨੀ ਤਾਂ ਮੁੜ ਜਾਮ ਹੋਵੇਗਾ’
ਜਾਮ ਖੁੱਲ੍ਹਣ ਤੋਂ ਬਾਅਦ ਕਿਸਾਨ ਆਗੂਆਂ ਨੇ ਰੂਪਨਗਰ ਅਨਾਜ ਮੰਡੀ ’ਚ ਇਕੱਠੇ ਹੋ ਕੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ’ਤੇ ਨਿਗ੍ਹਾ ਬਣਾਈ ਬੈਠੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਮੁੜ ਲਿਫਟਿੰਗ ਵਿਚ ਦੇਰੀ ਕੀਤੀ ਗਈ ਜਾਂ ਕਾਟ ਦੇ ਨਾਂ ’ਤੇ ਕਿਸਾਨਾਂ ਦੀ ਫਸਲ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਮੁੜ ਸੜਕਾਂ ’ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫਸਲ ਪੂਰੇ ਭਾਅ ’ਤੇ ਵੇਚਣ ਲਈ ਮੰਡੀਆਂ ਵਿਚ ਲਿਆਉਂਦਾ ਹੈ ਪਰ ਜੇਕਰ ਉਸੇ ਫ਼ਸਲ ਵਿਚੋਂ ਕਾਟ ਦੇ ਨਾਂ ’ਤੇ ਕਿੱਲੋਆਂ ਦੇ ਹਿਸਾਬ ਨਾਲ ਕਟੌਤੀ ਕੀਤੀ ਜਾਵੇਗੀ ਤਾਂ ਇਹ ਕਿਸਾਨਾਂ ਨਾਲ ਸਿੱਧੀ ਧੱਕੇਸ਼ਾਹੀ ਹੋਵੇਗੀ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
‘ਏਕੇ ਨੇ ਅੱਜ ਕਿਸਾਨਾਂ ਦੇ ਕਰੋੜਾਂ ਰੁਪਏ ਦੀ ਲੁੱਟ ਬਚਾਈ’ : ਗੌਰਵ ਰਾਣਾ
ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿਚ ਮੌਕੇ ’ਤੇ ਪਹੁੰਚੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ ਨੇ ਕਿਹਾ ਕਿ ਕਿਸਾਨਾਂ ਦੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੇ ਅੱਜ ਵੱਡੀ ਸੰਭਾਵਿਤ ਲੁੱਟ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਕੱਠੇ ਹੋ ਕੇ ਲੜੇ ਗਏ ਇਸ ਸੰਘਰਸ਼ ਨੇ ਕਿਸਾਨਾਂ ਦੇ ਕਰੋੜਾਂ ਰੁਪਏ ਬਚਾਉਣ ਦਾ ਰਾਹ ਪੱਧਰਾ ਕੀਤਾ ਹੈ।
ਗੌਰਵ ਰਾਣਾ ਨੇ ਕਿਹਾ ਕਿ ਕਿਸਾਨ, ਆਮ ਲੋਕ ਜਾਂ ਕੋਈ ਕਾਰੋਬਾਰੀ ਜਦੋਂ ਵੀ ਕਿਸੇ ਨਾਲ ਲੁੱਟ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਹੋਵੇਗੀ, ਲੋਕਾਂ ਦੀ ਏਕਤਾ ਨਾਲ ਉਸ ਦਾ ਤਿੱਖਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੱਕਾਂ ਦੀ ਰਾਖੀ ਲਈ ਲੋਕਾਂ ਦਾ ਇਕੱਠੇ ਹੋਣਾ ਹੀ ਸਭ ਤੋਂ ਵੱਡੀ ਤਾਕਤ ਹੈ।
ਅੱਜ ਲਿਫਟਿੰਗ ਦੇ ਸਬੰਧ ਵਿਚ ਸਮੂਹ ਜਥੇਬੰਦੀਆਂ ਨੇ ਸਾਂਝੇ ਐਕਸ਼ਨ ਕਰਦੇ ਹੋਏ ਚੰਡੀਗੜ੍ਹ ਰੂਪਨਗਰ ਅਨੰਦਪੁਰ ਸਾਹਿਬ ਰੋਡ ਨੂੰ ਜਾਮ ਕੀਤਾ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ, ਜ਼ਿਲਾ ਪ੍ਰਧਾਨ ਜਸਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ, ਸਲਾਹਕਾਰ ਦੀਦਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਸੂਬਾ ਸਕੱਤਰ ਬਾਪੂ ਮੁਖਤਿਆਰ ਸਿੰਘ ਮਾਹਲਾ, ਜ਼ਿਲਾ ਪ੍ਰਧਾਨ ਅਵਤਾਰ ਸਿੰਘ ਹੀਰਾ, ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸਿੱਧੂ, ਗੁਰਮੀਤ ਸਿੰਘ ਮੀਤਾ, ਗੁਰਪਾਲ ਸਿੰਘ, ਲਖਬੀਰ ਸਿੰਘ, ਦਲਵੀਰ ਸਿੰਘ ਆਦਿ ਮੈਂਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਸਕੱਤਰ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਮਝੈਲ ਜ਼ਿਲਾ ਪ੍ਰਧਾਨ ਅਜੈਬ ਸਿੰਘ, ਨੌ ਨਿਹਾਲ ਸਿੰਘ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜਿਲਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਕਿਰਤੀ ਕਿਸਾਨ ਮੋਰਚਾ ਜਰਨੈਲ ਸਿੰਘ, ਬਲਾਕ ਪ੍ਰਧਾਨ ਰੂਪਨਗਰ ਸਮੇਤ ਭਾਰੀ ਸੰਖਿਆ ’ਚ ਕਿਸਾਨ ਮੌਜੂਦ ਸਨ।
ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਵੀਰ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ’ਤੇ ਸੀ.ਬੀ.ਆਈ. ਦੀ ਟੀਮ ਵੱਲੋਂ ਤਲਾਸ਼ੀ
NEXT STORY