ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ 'ਚ ਰੇਲਵੇ ਅੰਡਰਬ੍ਰਿਜ ਦੇ ਨੇੜੇ ਲਗਭਗ 50 ਫੁੱਟ ਡੂੰਘੀ ਡਿੱਗੀ 'ਚ ਢੱਕਣ ਸਮੇਤ ਡਿੱਗੇ ਇੱਕ ਨੌਜਵਾਨ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਬਚਾਅ ਮੁਹਿੰਮ ਚਲਾਈ ਗਈ। ਇਹ ਡਿੱਗੀ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਸੀ। ਮੌਕੇ 'ਤੇ ਮੌਜੂਦ ਰੋਹਿਤ ਕਟਾਰੀਆ ਦੇ ਦੱਸਣ ਮੁਤਾਬਕ ਨੌਜਵਾਨ ਰੇਲਵੇ ਅੰਡਰਬ੍ਰਿਜ ਦੇ ਨੇੜੇ ਪੈਦਲ ਜਾ ਰਿਹਾ ਸੀ ਕਿ ਅਚਾਨਕ ਉਹ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਡਿੱਗੀ ਦੇ ਢੱਕਣ ਸਮੇਤ ਹੇਠਾਂ ਜਾ ਡਿੱਗਿਆ। ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਯਾਤਰੀ ਘਬਰਾ ਗਏ ਅਤੇ ਉਨ੍ਹਾਂ ਨੇ ਤੁਰੰਤ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦਿਆਂ ਹੀ ਜੀ. ਆਰ. ਪੀ. ਇੰਚਾਰਜ ਪ੍ਰਗਟ ਸਿੰਘ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ।
ਡਿੱਗੀ ਦੀ ਜ਼ਿਆਦਾ ਡੂੰਘਾਈ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੀ ਮਦਦ ਲਈ ਗਈ ਅਤੇ ਪੌੜੀ ਦੀ ਸਹਾਇਤਾ ਨਾਲ ਡਿੱਗੀ 'ਚ ਉੱਤਰ ਕੇ ਨੌਜਵਾਨ ਨੂੰ ਬਾਹਰ ਕੱਢ ਲਿਆ ਗਿਆ। ਇਸ ਹਾਦਸੇ 'ਚ ਨੌਜਵਾਨ ਦੀ ਬਾਂਹ 'ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ। ਜੀ. ਆਰ. ਪੀ. ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਸੀ। ਨੌਜਵਾਨ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਇਲਾਜ ਤੋਂ ਬਾਅਦ ਇਕੱਠੀ ਕੀਤੀ ਜਾਵੇਗੀ।
ਪੰਜਾਬ : ਇਨ੍ਹਾਂ ਮੈਡੀਕਲ ਸਟੋਰਾਂ 'ਤੇ ਸਖ਼ਤ ਕਾਰਵਾਈ, ਲਾਇਸੈਂਸ ਰੱਦ ਕਰਨ ਦੇ ਹੁਕਮ
NEXT STORY