ਫਿਰੋਜ਼ਪੁਰ (ਕੁਮਾਰ) : ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਯਤਨਾਂ ਨਾਲ 18 ਐੱਲਐੱਚਬੀ ਕੋਚਾਂ ਦੀ ਪਹਿਲੀ ਰੇਕ 11 ਅਕਤੂਬਰ ਨੂੰ ਹੁਸੈਨਪੁਰ ਰੇਲਵੇ ਸਟੇਸ਼ਨ ਤੋਂ ਬੰਗਲਾਦੇਸ਼ ਦੇ ਦਰਸ਼ਨਾਂ ਰੇਲਵੇ ਸਟੇਸ਼ਨ ਲਈ ਸਫਲਤਾਪੂਰਵਕ ਰਵਾਨਾ ਹੋਈ। ਇਨ੍ਹਾਂ 18 ਐਲਐਚਬੀ ਕੋਚਾਂ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਨਿਰਮਿਤ ਕੀਤਾ ਗਿਆ ਹੈ ਜੋ ਇਕ ਮਹੱਤਵਪੂਰਨ ਪ੍ਰਾਪਤੀ ਹੈ। ਬੰਗਲਾਦੇਸ਼ ਰੇਲਵੇ ਦੀਆਂ ਚਾਲਕ ਅਤੇ ਯਾਤਰੀ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਕੋਚਾਂ ਨੂੰ ਵਿਸ਼ੇਸ਼ ਤੌਰ ''ਤੇ ਤਿਆਰ ਕੀਤਾ ਗਿਆ ਹੈ। ਫਿਰੋਜ਼ਪੁਰ ਮੰਡਲ ਨੇ ਬੰਗਲਾਦੇਸ਼ ਰੇਲਵੇ ਨੂੰ ਰੇਲ ਕੋਚਾਂ ਦੇ ਨਿਰਯਾਤ ਰਾਹੀਂ 91.73 ਲੱਖ ਰੁਪਏ ਦਾ ਮਾਲੀਆ ਕਮਾਇਆ ਹੈ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੰਡਲ ਵਣਜ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਫਿਰੋਜ਼ਪੁਰ ਮੰਡਲ, ਰੇਲ ਕੋਚ ਫੈਕਟਰੀ ਕਪੂਰਥਲਾ, ਰਾਈਟਸ (ਰੇਲ ਇੰਡੀਆ ਟੈਕਨੀਕਲ ਐਂਡ ਇਕੋਨੋਮਿਕ ਸਰਵਿਸ) ਲਿਮਟਿਡ ਅਤੇ ਬੰਗਲਾਦੇਸ਼ ਰੇਲਵੇ ਵਿਚਾਲੇ ਬਿਹਤਰ ਤਾਲਮੇਲ ਦਾ ਨਤੀਜਾ ਹੈ। ''ਮੇਕ ਇਨ ਇੰਡੀਆ, ਫਾਰ ਦ ਵਰਲਡ'' ਦੇ ਵਿਜ਼ਨ ਅਨੁਸਾਰ ਇਹ ਪ੍ਰਾਪਤੀ ਦੇਸੀ ਰੇਲ ਕੋਚਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਰੇਲਵੇ ਖੇਤਰ ਵਿਚ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਇਹ ਪਹਿਲ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਯਤਨਾਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਬਿਹਤਰ ਤਾਲਮੇਲ ਦਾ ਨਤੀਜਾ ਹੈ। ਇਸ ਨਾਲ ਭਾਰਤੀ ਰੇਲਵੇ ਦਾ ਮਾਲੀਆ ਵਧਾਉਣ ਦੇ ਨਾਲ-ਨਾਲ ਅੰਤਰਰਾਸ਼ਟਰੀ ਨਿਰਯਾਤ ਨੂੰ ਵੀ ਹੁਲਾਰਾ ਮਿਲੇਗਾ।
ਪੰਜਾਬ 'ਚ SIR ਮਗਰੋਂ Final ਵੋਟਰ ਸੂਚੀ ਜਾਰੀ, ਇੰਝ ਚੈੱਕ ਕਰੋ ਆਪਣਾ ਨਾਂ
NEXT STORY