ਸਾਹਨੇਵਾਲ/ਕੋਹਾੜਾ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਸਪਾਲ ਬਾਂਗਰ ਵਿਚ ਇਕ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਉਸ ਦੀ ਮੰਗੇਤਰ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਸੁਨੀਤਾ, ਉਸ ਦਾ ਪਿਤਾ ਅਸ਼ੋਕ ਕੁਮਾਰ, ਉਸ ਦਾ ਭਰਾ ਆਕਾਸ਼ ਅਤੇ ਉਸ ਦੀ ਮਾਤਾ ਮਰਾਛੀ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ, ਮ੍ਰਿਤਕ ਰਣਜੀਤ ਕੁਮਾਰ ਦੇ ਛੋਟੇ ਭਰਾ ਅਕਾਸ਼ ਕੁਮਾਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਵੱਡਾ ਭਰਾ ਰਣਜੀਤ ਕੁਮਾਰ ਪਿਛਲੇ ਪੰਜ-ਛੇ ਮਹੀਨਿਆਂ ਤੋਂ ਘਰ ਵਿਚ ਹੀ ਸੀ ਅਤੇ ਕੰਮ ਦੀ ਭਾਲ ਕਰ ਰਿਹਾ ਸੀ।
ਸ਼ਿਕਾਇਤਕਰਤਾ ਅਨੁਸਾਰ ਰਣਜੀਤ ਕੁਮਾਰ ਦੀ ਕਰੀਬ ਡੇਢ ਤੋਂ ਦੋ ਮਹੀਨੇ ਪਹਿਲਾਂ ਸੁਨੀਤਾ ਨਾਮਕ ਲੜਕੀ ਨਾਲ ਮੰਗਣੀ ਹੋਈ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 30 ਅਗਸਤ 2026 ਦੀ ਰਾਤ ਕਰੀਬ 11:30 ਵਜੇ ਉਸ ਦਾ ਭਰਾ ਬਾਹਰੋਂ ਖਾਣਾ-ਪੀਣਾ ਖਾ ਕੇ ਘਰ ਵਾਪਸ ਆਇਆ ਸੀ। ਅਗਲੀ ਸਵੇਰ 31 ਅਗਸਤ ਨੂੰ ਕਰੀਬ 7 ਵਜੇ ਉਸ ਨੇ ਆਪਣੇ ਭਰਾ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਕਮਰੇ ਵਿਚ ਦਾਖ਼ਲ ਹੋਏ ਤਾਂ ਰਣਜੀਤ ਕੁਮਾਰ ਛੱਤ ਵਾਲੇ ਪੱਖੇ ਨਾਲ ਚੁੰਨੀ ਦੇ ਸਹਾਰੇ ਲਟਕਦਾ ਮਿਲਿਆ। ਪਰਿਵਾਰ ਨੇ ਉਸ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਆਕਾਸ਼ ਕੁਮਾਰ ਨੇ ਆਪਣੇ ਬਿਆਨ ਵਿਚ ਦੋਸ਼ ਲਗਾਇਆ ਕਿ ਉਸ ਦਾ ਭਰਾ 28 ਅਤੇ 29 ਅਗਸਤ ਨੂੰ ਲਗਾਤਾਰ ਆਪਣੀ ਮੰਗੇਤਰ ਦੇ ਘਰ ਗਿਆ ਸੀ, ਜਿੱਥੇ ਕਥਿਤ ਤੌਰ ’ਤੇ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਵਾਪਸ ਭੇਜ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਭਰਾ ਇਨ੍ਹਾਂ ਘਟਨਾਵਾਂ ਬਾਰੇ ਪਰਿਵਾਰ ਨੂੰ ਦੱਸਦਾ ਹੁੰਦਾ ਸੀ।
ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ 30 ਅਗਸਤ ਦੀ ਰਾਤ ਰਣਜੀਤ ਕੁਮਾਰ ਆਪਣੀ ਮੰਗੇਤਰ ਸੁਨੀਤਾ ਨਾਲ ਮੋਬਾਈਲ ਫ਼ੋਨ ’ਤੇ ਵਟਸਐਪ ਕਾਲ ਰਾਹੀਂ ਗੱਲਬਾਤ ਕਰ ਰਿਹਾ ਸੀ। ਬਾਅਦ ਵਿਚ ਪਰਿਵਾਰ ਨੇ ਉਸ ਦੀ ਮੌਤ ਲਈ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੁਲਸ ਕੋਲ ਕਾਰਵਾਈ ਦੀ ਮੰਗ ਕੀਤੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਲਗਭਗ 1 ਮਹੀਨਾ ਪਹਿਲਾਂ ਹੋਈ ਖੁਦਕੁਸ਼ੀ ’ਚ ਪੁਲਸ ਨੇ 174 ਦੀ ਕਾਰਵਾਈ ਕੀਤੀ ਸੀ, ਜਿਸ ਨੂੰ ਹੁਣ ਬਾਅਦ ’ਚ ਖੁਦਕੁਸ਼ੀ ਲਈ ਮਜਬੂਰ ਕਰਨ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਮਾਮਲੇ ਦੀ ਅਗਲੀ ਸਥਿਤੀ ਸਪੱਸ਼ਟ ਹੋ ਸਕੇਗੀ।
10 ਤੇ 11 ਅਕਤੂਬਰ ਨੂੰ ਆਏਗਾ ਹਨ੍ਹੇਰੀ-ਤੂਫਾਨ, ਇਨ੍ਹਾਂ ਸੂਬਿਆਂ ਲਈ IMD ਨੇ ਕਰ ਦਿੱਤੀ ਭਵਿੱਖਬਾਣੀ
NEXT STORY