ਅਬੋਹਰ (ਸੁਨੀਲ) : ਸ਼ਹਿਰ ਦੇ ਇਕ ਨਿੱਜੀ ਫਾਈਨੈਂਸ ਬੈਂਕ ਦੇ ਲੋਨ ਮੈਨੇਜਰ ’ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ। ਜ਼ਖਮੀ ਬੈਂਕ ਮੈਨੇਜਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਸਬੰਧੀ ਰਾਏਪੁਰਾ ਪਿੰਡ ਦੇ ਤਿੰਨ ਨੌਜਵਾਨ ਵੀ ਹਸਪਤਾਲ ’ਚ ਭਰਤੀ ਹੋਏ ਹਨ। ਜਿਨ੍ਹਾਂ ਨੇ ਉਕਤ ਲੋਨ ਮੈਨੇਜਰ ’ਤੇ ਆਪਣੇ ਸਾਥੀਆਂ ਨੂੰ ਲਿਆ ਕੇ ਉਨ੍ਹਾਂ ’ਤੇ ਹਮਲਾ ਕਰਨ ਦੀ ਗੱਲ ਕਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਆਰ. ਬੀ. ਐੱਲ. ਬੈਂਕ ਦੇ ਲੋਨ ਮੈਨੇਜਰ ਰਿੱਕੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਰਵਿੰਦਰ ਵਾਸੀ ਗੋਬਿੰਦਗੜ੍ਹ ਨਾਲ ਪਿੰਡ ਰਾਏਪੁਰਾ ’ਚ ਉਨ੍ਹਾਂ ਦੇ ਬੈਂਕ ਤੋਂ ਲੋਨ ਲੈਣ ਵਾਲੇ ਤਿੰਨ ਲੋਕਾਂ ਕੋਲ ਲੋਨ ਦੀਆਂ ਕਿਸ਼ਤਾਂ ਲੈਣ ਲਈ ਗਏ ਸੀ ਅਤੇ ਜਦ ਉਹ ਉਥੋਂ ਕਿਸ਼ਤ ਲੈ ਕੇ ਆ ਰਹੇ ਸੀ ਤਾਂ ਇਸੇ ਦੌਰਾਨ ਲੋਨ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੇ ਹੀ ਆਪਣੇ ਕੁਝ ਸਾਥੀਆਂ ਸਮੇਤ ਉਨ੍ਹਾਂ ਨੂੰ ਰਸਤੇ ’ਚ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਕੇ ਲਗਭਗ 30,000 ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਲਿਆ ਅਤੇ ਭੱਜ ਗਏ।
ਇਸੇ ਘਟਨਾ ’ਚ ਜ਼ਖਮੀ ਰਾਏਪੁਰਾ ਪਿੰਡ ਵਾਸੀ ਨੀਲੂ, ਲਵਪ੍ਰੀਤ ਅਤੇ ਗੁਰਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਅੱਜ ਬੈਂਕ ਦਾ ਲੋਨ ਮੈਨੇਜਰ ਰਿੱਕੀ ਆਪਣੇ ਸਾਥੀ ਸਮੇਤ ਲੋਨ ਦੀ ਕਿਸ਼ਤ ਲੈਣ ਲਈ ਆਇਆ ਸੀ ਅਤੇ ਇਥੇ ਜਦ ਉਹ ਉਨ੍ਹਾਂ ਨੂੰ ਕਿਸ਼ਤ ਦੇ ਪੈਸੇ ਦੇ ਰਹੇ ਸੀ ਤਾਂ ਇਸੇ ਦੌਰਾਨ ਉਥੇ ਮੌਜੂਦ ਪਿੰਡ ਦੇ ਇਕ ਨੌਜਵਾਨ ਨੇ ਇਨ੍ਹਾਂ ਬੈਂਕ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਜਿਸ ਦੇ ਲੱਗਭਗ ਦੋ ਘੰਟੇ ਬਾਅਦ ਉਕਤ ਬੈਂਕ ਕਰਮਚਾਰੀ ਆਪਣੇ ਕੁਝ ਸਾਥੀਆਂ ਨਾਲ ਵਾਪਸ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਚਾਰੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਕਾਦੀਆਂ–ਬਿਆਸ ਰੇਲ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ 'ਤੇ ਬੋਲੇ ਬਾਜਵਾ, 100 ਸਾਲਾਂ ਦੀ ਉਡੀਕ ਖ਼ਤਮ ਕਰੋ
NEXT STORY