ਲੁਧਿਆਣਾ (ਰਾਜ): ਲੁਧਿਆਣਾ ਸਾਊਥ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਡਾਬਾ ਦੀ ਪੁਲਸ ਨੇ ਉਨ੍ਹਾਂ ਦੀ ਨੂੰਹ ਸਮੇਤ ਅੱਠ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿਚ ਨਵਨੀਤ ਕੌਰ, ਤੇਜਾ ਸਿੰਘ ਨਾਗਰਾ, ਹਰਪਾਲ ਕੌਰ, ਕਾਕਾ ਸਿੰਘ, ਫੈਲੇਲ ਸਿੰਘ, ਅਮਰ ਸਿੰਘ, ਸੁਖਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ ਪਤਨੀ ਸ਼ਾਮਲ ਹਨ।
ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਅਨੁਸਾਰ, ਨਵਨੀਤ ਕੌਰ ਨਾਮੀ ਔਰਤ ਉਨ੍ਹਾਂ ਦੇ ਪੁੱਤਰ ਨਵਕਿਰਨਜੀਤ ਸਿੰਘ ਨੂੰ ਸਪਾਊਸ ਵੀਜ਼ਾ 'ਤੇ ਆਸਟ੍ਰੇਲੀਆ ਲੈ ਗਈ ਸੀ। ਦੋਸ਼ ਹੈ ਕਿ ਨਵਨੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਕੁਝ ਕਰੀਬੀ ਅਤੇ ਮੁਲਜ਼ਮ ਪੱਖ ਦੇ ਲੋਕ ਸ਼ਿਕਾਇਤਕਰਤਾ ਦੇ ਘਰ ਆਏ। ਉਨ੍ਹਾਂ ਨੇ ਘਰ ਦੀ ਅਲਮਾਰੀ ਵਿਚੋਂ ਕਰੀਬ 20 ਤੋਲੇ ਸੋਨਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜਦੋਂ ਨਵਕਿਰਨਜੀਤ ਨੇ ਇਸ ਚੋਰੀ ਦੇ ਸਬੰਧ ਵਿਚ ਆਪਣੀ ਪਤਨੀ ਨਵਨੀਤ ਕੌਰ ਨਾਲ ਆਸਟ੍ਰੇਲੀਆ ਵਿਚ ਗੱਲ ਕੀਤੀ, ਤਾਂ ਉਸ ਨੇ ਸੁਲਹ ਕਰਨ ਦੀ ਬਜਾਏ ਝਗੜਾ ਸ਼ੁਰੂ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਨਵਨੀਤ ਨੇ ਰੰਜਿਸ਼ ਕੱਢਦਿਆਂ ਆਸਟ੍ਰੇਲੀਆ ਵਿਚ ਚੱਲ ਰਹੇ ਕੇਸ ਵਿਚੋਂ ਆਪਣੇ ਪਤੀ ਦਾ ਨਾਮ ਹੀ ਕਟਵਾ ਦਿੱਤਾ। ਸਟੱਡੀ ਵੀਜ਼ਾ ਅਤੇ ਵਿਦੇਸ਼ ਭੇਜਣ ਦੇ ਨਾਂ 'ਤੇ ਸ਼ਿਕਾਇਤਕਰਤਾ ਦੇ ਕਰੀਬ 50 ਲੱਖ ਰੁਪਏ ਖਰਚ ਕਰਵਾਏ ਗਏ। ਪੁੱਤਰ ਨੂੰ ਪੀ.ਆਰ. ਦਿਵਾਉਣ ਦਾ ਵਾਅਦਾ ਕਰਕੇ ਉਸ ਨੂੰ ਵਿਚਾਲੇ ਛੱਡ ਦਿੱਤਾ ਅਤੇ ਧੋਖਾਧੜੀ ਕੀਤੀ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਭਵਿੱਖ ਲਈ ਖ਼ੂਨ-ਪਸੀਨੇ ਦੀ ਕਮਾਈ ਲਗਾ ਦਿੱਤੀ ਸੀ, ਪਰ ਨਵਨੀਤ ਕੌਰ ਨੇ ਨਾ ਸਿਰਫ਼ ਪੈਸੇ ਹੜੱਪੇ ਸਗੋਂ ਉਨ੍ਹਾਂ ਦੇ ਪੁੱਤਰ ਦਾ ਭਵਿੱਖ ਵੀ ਦਾਅ 'ਤੇ ਲਗਾ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਅਮਾਨਤ ਵਿੱਚ ਖ਼ਿਆਨਤ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਹਾਈਵੇਅ 'ਤੇ ਟੂਰਿਸਟ ਬੱਸ ਤੇ ਟਰੱਕ ਦੀ ਭਿਆਨਕ ਟੱਕਰ! ਬੱਸ ਦੇ ਉੱਡੇ ਪਰਖੱਚੇ, ਪਿਆ ਚੀਕ-ਚਿਹਾੜਾ
NEXT STORY