ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਦੇ ਨੇੜੇ ਜੱਸੀਆਂ ਦੇ ਕੋਲ ਫਲਿੱਪਕਾਰਟ ਵਾਲਮਾਰਟ ਸਟੋਰ 'ਤੇ ਬਿਲਿੰਗ ਸਟਾਫ ਵੱਲੋਂ ਕਥਿਤ ਤੌਰ 'ਤੇ ਗਾਹਕਾਂ ਤੋਂ ਤੈਅ ਕੀਮਤ ਤੋਂ ਜਿਆਦਾ ਬਿੱਲ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਹਕਾਂ ਨੇ ਇਸ ਕਥਿਤ ਧੋਖਾਧੜੀ ਦਾ ਵਿਰੋਧ ਕੀਤਾ, ਜਿਸ ਕਾਰਨ ਭਾਰੀ ਹੰਗਾਮਾ ਹੋਇਆ। ਸਟੋਰ 'ਤੇ ਆਏ ਗਾਹਕਾਂ ਨੇ ਸਟੋਰ ਦੇ ਪ੍ਰਬੰਧਨ ਅਤੇ ਬਿਲਿੰਗ ਸਟਾਫ 'ਤੇ ਵਿਆਪਕ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ।
ਜਾਣਕਾਰੀ ਅਨੁਸਾਰ, ਵਾਲਮਾਰਟ ਸਟੋਰ 'ਤੇ ਆਉਣ ਵਾਲਾ ਇੱਕ ਗਾਹਕ ਅਕਸਰ ਆਪਣੇ ਘਰ ਲਈ ਕਰਿਆਨੇ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਦਾ ਸੀ, ਪਰ ਸਟੋਰ ਦੁਆਰਾ ਤਿਆਰ ਕੀਤੇ ਗਏ ਬਿੱਲਾਂ ਦੀ ਜਾਂਚ ਨਹੀਂ ਕਰਦਾ ਸੀ। ਅੱਜ ਖਰੀਦਦਾਰੀ ਕਰਦੇ ਸਮੇਂ, ਜਦੋਂ ਅਸੀਂ ਕੁਝ ਚੀਜ਼ਾਂ ਦੇ ਰੇਟ ਚੈੱਕ ਕੀਤੇ, ਤਾਂ ਸਾਨੂੰ ਪਤਾ ਲੱਗਾ ਕਿ ਜਿਸ ਵਸਤੁ ਦੀ ਕੀਮਤ ਰੈਕ ਉਪਰ ਲੱਗੀ ਹੋਈ ਸੀ, ਬਿੱਲ ਵਿਚ ਉਸ ਵਸਤੁ ਦੀ ਕੀਮਤ ਲਿਖਕੇ ਵਸੂਲੀ ਜਾ ਰਹੀ ਸੀ। ਉਸਨੇ ਦੋਸ਼ ਲਗਾਇਆ ਕਿ ਇੱਕ ਬਿੱਲ 'ਤੇ 15 ਚੀਜ਼ਾਂ ਵਿੱਚੋਂ ਤਿੰਨ ਜਾਂ ਚਾਰ ਵਸਤੂਆਂ ਦੀਆਂ ਕੀਮਤਾਂ ਵਿੱਚ ਪੰਜਾਹ ਰੁਪਏ ਤੱਕ ਹੇਰਾਫੇਰੀ ਕੀਤੀ ਗਈ ਸੀ। ਕਈ ਹੋਰ ਗਾਹਕਾਂ ਨੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾਏ। ਜਦੋਂ ਉਸਨੇ ਸਟਾਫ ਨਾਲ ਕੀਮਤ ਦੇ ਅੰਤਰ ਬਾਰੇ ਚਰਚਾ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਗਲਤੀ ਨਾਲ ਹੋ ਗਿਆ ਹੈ। ਹਾਲਾਂਕਿ, ਜਦੋਂ ਗਾਹਕ ਨੇ ਪੁੱਛਿਆ ਕਿ ਹਜ਼ਾਰਾਂ ਲੋਕਾਂ ਦੀ ਬਿਲਿੰਗ ਦਾ ਕੀ ਹੋਵੇਗਾ ਜਿਨ੍ਹਾਂ ਨੇ ਸਾਮਾਨ ਖਰੀਦਿਆ ਸੀ, ਤਾਂ ਸਟਾਫ ਮੈਂਬਰ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਸਟਾਫ਼ ਨੇ ਕਿਹਾ, " ਜੋ ਗ੍ਰਾਹਕ ਸਮਾਨ ਲੇ ਗਏ ਉਹਨਾਂ ਨੂੰ ਛੱਡੋ, ਤੁਸੀ ਆਪਣਾ ਬਿੱਲ ਠੀਕ ਕਰਵ ਲਓ ਤੇ ਜਾਓ, ਤੁਹਾਡਾ ਬਿੱਲ ਠੀਕ ਕਰ ਦਿੱਤਾ ਜਾਵੇਗਾ।" ਗਾਹਕਾਂ ਨੇ ਦੱਸਿਆ ਕਿ ਇਕ ਸਟਾਫ ਮੈਂਬਰ, ਜਿਸਦਾ ਨਾਮ ਪਤਾ ਨਹੀਂ ਹੈ, ਉਸਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਪੁੱਛਿਆ, "ਤੁਹਾਨੂੰ ਦੂਜੇ ਲੋਕਾਂ ਦੀ ਕੀ ਪਰਵਾਹ ਹੈ?"
ਇਹ ਦੇਖਦੇ ਹੋਏ ਕਿ ਹਜ਼ਾਰਾਂ ਲੋਕ ਸਾਮਾਨ ਖਰੀਦਣ ਲਈ ਇੰਨੇ ਵੱਡੇ ਸਟੋਰ 'ਤੇ ਜਾਂਦੇ ਹਨ, ਅਤੇ ਸਟੋਰ ਦੀ ਵਿਕਰੀ ਲੱਖਾਂ ਕਰੋੜਾਂ ਰੁਪਏ ਵਿਚ ਹੈ, ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਸ ਸਾਰੀ ਧੋਖਾਧੜੀ ਲਈ ਕੌਣ ਜ਼ਿੰਮੇਵਾਰ ਹੈ ਅਤੇ ਇਹ ਸਾਰਾ ਪੈਸਾ ਕਿੱਥੇ ਜਾ ਰਿਹਾ ਹੈ?
ਸਟੋਰ ਦੇ ਅਧਿਕਾਰੀ ਕੀ ਕਹਿੰਦੇ ਹਨ
ਜਦੋਂ ਅਸੀਂ ਇਸ ਮਾਮਲੇ ਬਾਰੇ ਸਟੋਰ ਮੈਨੇਜਰ, ਰਾਜਿੰਦਰ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਕਿਹਾ, "ਅਸੀਂ ਮੀਡੀਆ ਨਾਲ ਗੱਲ ਨਹੀਂ ਕਰਾਂਗੇ; ਅਸੀਂ ਆਪਣੇ ਗਾਹਕਾਂ ਨਾਲ ਗੱਲ ਕਰਕੇ ਮਾਮਲਾ ਹੱਲ ਕਰਾਂਗੇ। ਤੁਹਾਨੂੰ ਪਹਿਲਾਂ ਸਾਡੇ ਨਾਲ ਗੱਲ ਕਰਨ ਦੀ ਇਜਾਜ਼ਤ ਲੈਣੀ ਪਵੇਗੀ।" ਜਦੋਂ ਮੀਡੀਆ ਕਰਮਚਾਰੀਆਂ ਨੇ ਸਟੋਰ ਨਾਲ ਫੋਟੋਆਂ ਖਿੱਚਣ ਅਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਟਾਫ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਹੋ ਸਕਦੇ ਹਨ ਵੱਡੇ ਖੁਲਾਸੇ
ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਗਾਹਕ ਇਸ ਸਟੋਰ 'ਤੇ ਖਰੀਦੇ ਗਏ ਸਾਮਾਨ ਦੀ ਬਿਲਿੰਗ ਦੀ ਜਾਂਚ ਨਹੀਂ ਕਰਦੇ ਹਨ। ਪੂਰੇ ਸਿਸਟਮ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਵਿਆਪਕ ਬਿਲਿੰਗ ਹੇਰਾਫੇਰੀ ਦਾ ਖੁਲਾਸਾ ਹੋ ਸਕਦਾ ਹੈ। ਮੌਕੇ 'ਤੇ ਮੌਜੂਦ ਗਾਹਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਸਟੋਰ ਦੇ ਸਿਸਟਮਾਂ ਦੀ ਉੱਚ ਪੱਧਰੀ ਜਾਂਚ ਕਰੇ ਅਤੇ ਗਾਹਕਾਂ ਦੇ ਇਸ ਸ਼ੋਸ਼ਣ ਨੂੰ ਰੋਕਣ ਲਈ ਦੋਸ਼ੀ ਸਟਾਫ ਵਿਰੁੱਧ ਕਾਨੂੰਨੀ ਕਾਰਵਾਈ ਕਰੇ।
ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟੇ ਦੇ ਪਿਤਾ ਦਾ ਵੱਡਾ ਬਿਆਨ
NEXT STORY