ਲੁਧਿਆਣਾ (ਰਾਜ): ਸੰਘਣੀ ਆਬਾਦੀ ਅਤੇ ਭੀੜੀਆਂ ਗਲੀਆਂ ਵਾਲੇ ਫੀਲਡ ਗੰਜ ਇਲਾਕੇ ਵਿਚ ਉਸ ਸਮੇਂ ਭਾਰੀ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਸਥਿਤ ਇਕ ਪਟਾਕਾ ਗੋਦਾਮ ਵਿਚ ਅਚਾਨਕ ਭਿਆਨਕ ਅੱਗ ਭੜਕ ਉੱਠੀ। ਅੱਗ ਦੀਆਂ ਕਈ ਮੀਟਰ ਉੱਚੀਆਂ ਲਪਟਾਂ ਅਤੇ ਆਸਮਾਨ ਵਿਚ ਉੱਠਦੇ ਕਾਲੇ ਧੂੰਏਂ ਦੇ ਗੁਬਾਰ ਨੂੰ ਦੇਖ ਕੇ ਆਸ-ਪਾਸ ਦੇ ਰਿਹਾਇਸ਼ੀ ਮਕਾਨਾਂ ਦੇ ਲੋਕਾਂ ਵਿਚ ਚੀਕ-ਚਿਹਾੜਾ ਪੈ ਗਿਆ। ਇਸ ਭਿਆਨਕ ਹਾਦਸੇ ਵਿਚ ਗੋਦਾਮ ਦੇ ਅੰਦਰ ਮੌਜੂਦ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਸਾਹਿਲ ਵਜੋਂ ਹੋਈ ਹੈ।

ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਜ਼ਾਹਰ ਕਰਦਿਆਂ ਦੋਸ਼ ਲਗਾਇਆ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਨਿਯਮਾਂ ਨੂੰ ਪੂਰੀ ਤਰ੍ਹਾਂ ਤਾਕ 'ਤੇ ਰੱਖ ਕੇ ਇਸ ਘਣੀ ਆਬਾਦੀ ਵਾਲੇ ਖੇਤਰ ਵਿਚ ਨਾਜਾਇਜ਼ ਰੂਪ ਵਿਚ ਭਾਰੀ ਮਾਤਰਾ ਵਿਚ ਪਟਾਕੇ ਅਤੇ ਜਲਣਸ਼ੀਲ ਸਮੱਗਰੀ ਲੁਕਾ ਕੇ ਰੱਖੀ ਗਈ ਸੀ। ਇਸ ਨਾਜਾਇਜ਼ ਸਟਾਕ ਕਰਕੇ ਅੱਗ ਨੇ ਕੁੱਝ ਹੀ ਮਿੰਟਾਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ। ਲੋਕਾਂ ਅਨੁਸਾਰ ਰਿਹਾਇਸ਼ੀ ਮਕਾਨਾਂ ਦੇ ਬਿਲਕੁਲ ਵਿਚਕਾਰ ਪਟਾਕਿਆਂ ਦਾ ਅਜਿਹਾ ਗੈਰ-ਕਾਨੂੰਨੀ ਸਟਾਕ ਜਮ੍ਹਾਂ ਕਰਨਾ ਸਿੱਧੇ ਤੌਰ 'ਤੇ ਸੈਂਕੜੇ ਮਾਸੂਮ ਜ਼ਿੰਦਗੀਆਂ ਨੂੰ ਦਾਅ 'ਤੇ ਲਗਾਉਣ ਵਾਂਗ ਹੈ। ਜੇਕਰ ਸਮਾਂ ਰਹਿੰਦੇ ਲੋਕ ਬਾਹਰ ਨਾ ਨਿਕਲਦੇ, ਤਾਂ ਇੱਥੇ ਕੋਈ ਹੋਰ ਵੀ ਵੱਡਾ ਜਾਨਲੇਵਾ ਹਾਦਸਾ ਵਾਪਰ ਸਕਦਾ ਸੀ।
ਹਾਦਸੇ ਤੋਂ ਬਾਅਦ ਇਲਾਕੇ ਵਿਚ ਗੋਦਾਮ ਦੀ ਮਾਲਕੀ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਜਿਸ ਗੋਦਾਮ ਵਿਚ ਅੱਗ ਲੱਗੀ ਹੈ, ਉਸ ਦਾ ਸਬੰਧ ਸੱਤਾਧਾਰੀ ਪਾਰਟੀ ਦੇ ਇਕ ਸਥਾਨਕ ਨੇਤਾ ਨਾਲ ਦੱਸਿਆ ਜਾ ਰਿਹਾ ਹੈ। ਇਸ ਗੱਲ ਦੀ ਭਣਕ ਲੱਗਦਿਆਂ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਚੌਕਸ ਹੋ ਗਏ ਹਨ। ਵਿਰੋਧੀ ਧਿਰਾਂ ਅਤੇ ਸਥਾਨਕ ਲੋਕ ਸਵਾਲ ਚੁੱਕ ਰਹੇ ਹਨ ਕਿ ਕੀ ਸਿਆਸੀ ਰਸੂਖ ਅਤੇ ਮਿਲੀਭੁਗਤ ਦੇ ਚੱਲਦਿਆਂ ਸ਼ਹਿਰ ਦੇ ਵਿਚਕਾਰ ਬਿਨਾਂ ਕਿਸੇ NOC ਅਤੇ ਫਾਇਰ ਸੇਫਟੀ ਮਾਪਦੰਡਾਂ ਦੇ ਇਹ ਨਾਜਾਇਜ਼ ਗੋਦਾਮ ਚਲਾਇਆ ਜਾ ਰਿਹਾ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ। ਫੀਲਡ ਗੰਜ ਦੀਆਂ ਸੰਕਰੀਆਂ ਗਲੀਆਂ ਹੋਣ ਕਾਰਨ ਫਾਇਰ ਟੈਂਡਰਾਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਵਿੱਚ ਭਾਰੀ ਮਸ਼ੱਕਤ ਕਰਨੀ ਪਈ। ਇਸ ਦੇ ਬਾਵਜੂਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਅੱਗ ਦੇ ਕੇਂਦਰ ਤੱਕ ਪਹੁੰਚੇ ਅਤੇ ਪਾਣੀ ਦੀਆਂ ਤੇਜ਼ ਬੌਛਾਰਾਂ ਨਾਲ ਲਪਟਾਂ 'ਤੇ ਕਾਬੂ ਪਾਉਣ ਦੀ ਜੱਦੋਜਹਿਦ ਵਿੱਚ ਜੁੱਟੇ ਰਹੇ।
ਪੰਜਾਬ 'ਚ ਬਦਲਣ ਵਾਲਾ ਮੌਸਮ ਦਾ ਮਿਜਾਜ਼, 12 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀ
NEXT STORY