ਮੋਹਾਲੀ (ਜੱਸੀ) : ਵਿਆਹ ਸਮਾਗਮ ਤੋਂ ਪਰਤ ਰਹੇ ਗੋਬਿੰਦਗੜ੍ਹ ਵਾਸੀਆਂ ਨਾਲ ਗਾਲ੍ਹਾਂ ਕੱਢਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੀਪ ਚੰਦ ਵਾਸੀ ਗੋਬਿੰਦਗੜ੍ਹ ਨੇ ਦੱਸਿਆ ਕਿ 15 ਨਵੰਬਰ ਨੂੰ ਉਹ ਆਪਣੇ ਭਤੀਜੇ ਸੋਹਣ ਲਾਲ ਨਾਲ ਵਿਆਹ ਤੋਂ ਪਰਤ ਰਿਹਾ ਸੀ। ਰਾਤ ਕਰੀਬ 11 ਵਜੇ ਗੁਡਾਣਾ ਤੋਂ ਧੀਰਪੁਰ ਜਾਂਦੀ ਲਿੰਕ ਸੜਕ ’ਤੇ ਇਕ ਗੱਡੀ ਡਿੱਪਰ ਮਾਰਦੀ ਹੋਈ ਲੰਘੀ। ਇਸ ਵਿਚ ਗੁਰਪ੍ਰੀਤ ਪੁਰੀ ਉਰਫ਼ ਬੂਟਾ ਪੁਰੀ, ਸੰਜੀਵ ਪੁਰੀ ਉਰਫ਼ ਬੰਟੀ, ਲਵਲੀ ਭਾਰਤੀ, ਗੁਰਮੀਤ ਭਾਰਤੀ ਅਤੇ ਗੁਰਸੇਵਕ ਉਰਫ਼ ਭੂਰਾ ਸਵਾਰ ਸਨ।
ਸ਼ਿਕਾਇਤ ਅਨੁਸਾਰ ਸੰਜੀਵ ਪੁਰੀ ਅਤੇ ਗੁਰਸੇਵਕ ਨੇ ਪਿਸਤੌਲ ਕੱਢ ਕੇ 3-4 ਹਵਾਈ ਫਾਇਰ ਕੀਤੇ, ਜਦੋਂ ਕਿ ਬਾਕੀਆਂ ਨੇ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੀਪ ਚੰਦ ਨੇ ਡਰ ਦੇ ਮਾਰੇ ਗੱਡੀ ਧੀਰਪੁਰ ਵੱਲ ਮੋੜ ਲਈ ਅਤੇ 112 ਨੰਬਰ ’ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਲ ਨਹੀਂ ਲੱਗੀ। ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਦੀਪ ਚੰਦ ਨੇ ਅਗਲੇ ਦਿਨ ਰਾਜ਼ੀਨਾਮੇ ਦੀ ਕੋਸ਼ਿਸ਼ ਅਸਫਲ ਰਹਿਣ ’ਤੇ ਥਾਣਾ ਸੋਹਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 125, 351(2), 190, 191(3) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ।
NIT ਜਲੰਧਰ ਵਿਖੇ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ, ਵਿਦਿਆਰਥੀਆਂ ਨੇ ਵਿਖਾਈ ਏਕਤਾ ਦੀ ਝਲਕ
NEXT STORY