ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਅਗਲੇ ਦੋ ਦਿਨ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਹੈ। ਪਹਾੜੀ ਇਲਾਕਿਆਂ ਵਿਚ ਹੋਈ ਬਰਫ਼ਬਾਰੀ ਤੋਂ ਬਾਅਦ ਸੂਬੇ ਵਿਚ ਅਚਾਨਕ ਠੰਡ ਵੱਧ ਗਈ ਹੈ ਤੇ ਸਵੇਰ-ਸ਼ਾਮ ਵੇਲੇ ਲੋਕ ਮੋਟੇ ਕੱਪੜੇ ਪਾਉਣ ਨੂੰ ਮਜਬੂਰ ਹੋਏ ਹਨ। ਹਾਲਾਂਕਿ, ਪਿਛਲੇ 24 ਘੰਟਿਆਂ ਵਿਚ ਰਾਜ ਦੇ ਘੱਟੋ-ਘੱਟ ਤਾਪਮਾਨ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ ਅਤੇ ਇਹ ਆਮ ਦੇ ਨੇੜੇ ਹੀ ਬਣਿਆ ਹੋਇਆ ਹੈ। ਉੱਥੇ ਹੀ ਫ਼ਿਲਹਾਲ 26 ਨਵੰਬਰ ਤਕ ਸੂਬੇ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਸੂਬੇ ਵਿਚ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੱਡਾ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ; ਦਿਨ ਵੇਲੇ ਤੇਜ਼ ਧੁੱਪ ਕਾਰਨ ਤਾਪਮਾਨ 30 ਡਿਗਰੀ ਤੱਕ ਪਹੁੰਚ ਰਿਹਾ ਹੈ, ਜਦੋਂ ਕਿ ਰਾਤ ਨੂੰ ਇਹ ਡਿੱਗ ਕੇ 7 ਡਿਗਰੀ ਤੱਕ ਆ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ, ਸੂਬੇ ਵਿਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 7.2 ਡਿਗਰੀ ਰਿਕਾਰਡ ਕੀਤਾ ਗਿਆ। ਇੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 28.6 ਡਿਗਰੀ ਅਤੇ ਰਾਤ ਦਾ 7.2 ਡਿਗਰੀ ਰਿਹਾ, ਜਿੱਥੇ ਦਿਨ-ਰਾਤ ਦੇ ਤਾਪਮਾਨ ਵਿਚ ਸਭ ਤੋਂ ਵੱਧ 21.4 ਡਿਗਰੀ ਦਾ ਫ਼ਰਕ ਦਰਜ ਕੀਤਾ ਗਿਆ।
ਅਗਲੇ ਦਿਨਾਂ ਵਿਚ ਵਧੇਗੀ ਠੰਡ
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਵਿਚ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿਚ ਲਗਭਗ 2 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਸਵੇਰੇ ਅਤੇ ਰਾਤ ਵੇਲੇ ਠੰਢ ਹੋਰ ਵਧੇਗੀ। ਵਿਭਾਗ ਮੁਤਾਬਕ, ਉੱਤਰ-ਪੱਛਮੀ ਭਾਰਤ ਵਿਚ ਇਕ ਨਵਾਂ ਪੱਛਮੀ ਪ੍ਰਭਾਅ ਸਰਗਰਮ ਹੋਇਆ ਹੈ, ਜੋ ਪੱਛਮੀ ਹਵਾਵਾਂ ਨਾਲ ਅੱਗੇ ਵਧ ਰਿਹਾ । ਹਾਲਾਂਕਿ ਇਸ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿਚ ਕਿਸੇ ਵੱਡੇ ਬਦਲਾਅ ਦੇ ਸੰਕੇਤ ਨਹੀਂ ਹਨ। ਫਿਲਹਾਲ ਚੱਕਰਵਾਤੀ ਤੂਫ਼ਾਨ 'ਅਕਵਨ' ਦੇ ਪ੍ਰਭਾਵ ਨਾਲ ਪੂਰਬੀ ਹਵਾਵਾਂ ਚੱਲ ਰਹੀਆਂ ਹਨ ਅਤੇ 22 ਨਵੰਬਰ ਤੋਂ ਉੱਤਰੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਡਿੱਗੇਗਾ ਅਤੇ ਠੰਡ ਹੋਰ ਵਧੇਗੀ।
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ਦੀਆਂ ਤਿਆਰੀ ਮੁਕੰਮਲ, ਕੁਝ ਹੀ ਦੇਰ 'ਚ ਹੋਵੇਗਾ ਸਸਕਾਰ
NEXT STORY