ਲੁਧਿਆਣਾ (ਰਾਜ): ਜਨਤਾ ਨਗਰ ਸਥਿਤ ਭਗਵਾਨ ਚੌਕ ਇਲਾਕੇ ਵਿਚ ਆਨਲਾਈਨ ਫ਼ੂਡ ਡਿਲੀਵਰੀ ਲੇਟ ਹੋਣ 'ਤੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਜਾਨਲੇਵਾ ਹਮਲੇ ਤੇ ਡਕੈਤੀ ਵਿਚ ਤਬਦੀਲ ਹੋ ਗਿਆ। ਸਵਿਗੀ ਡਿਲੀਵਰੀ ਬੁਆਏ ਨੇ ਦੇਰੀ ਦੀ ਵਜ੍ਹਾ ਪੁੱਛਣ 'ਤੇ ਪਹਿਲਾਂ ਲੇਬਰ ਨਾਲ ਬਹਿਸ ਕੀਤੀ ਤੇ ਫ਼ਿਰ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਫੈਕਟਰੀ ਦਾ ਦਰਵਾਜ਼ਾ ਤੋੜ ਦਿੱਤਾ। ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਦਫ਼ਤਰ ਵਿਚ ਰੱਖੇ ਤਕਰੀਬਨ 4 ਲੱਖ 65 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਫੈਕਟਰੀ ਮਾਲਕ ਕੁਲਭੂਸ਼ਣ ਯਾਦਵ ਦੀ ਸ਼ਿਕਾਇਤ 'ਤੇ ਪੁਲਸ ਨੇ ਹਰਸ਼ ਕੁਮਾਰ ਤੇ ਉਸ ਦੇ 6 ਅਣਪਛਾਤੇ ਸਾਥੀਆਂ 'ਤੇ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ 19 ਅਗਸਤ ਨੂੰ ਉਸ ਦੇ ਭਤੀਜੇ ਨੇ ਫੈਕਟਰੀ ਦੀ ਲੇਬਰ ਲਈ ਸਵਿਗੀ ਐਪ ਰਾਹੀਂ ਫ਼ੂਡ ਆਰਡਰ ਕੀਤਾ ਸੀ। ਡਿਲੀਵਰੀ ਬੁਆਏ ਹਰਸ਼ ਕਾਫ਼ੀ ਦੇਰ ਨਾਲ ਆਰਡਰ ਦੇਣ ਪਹੁੰਚਿਆ। ਜਦੋਂ ਉਨ੍ਹਾਂ ਨੇ ਇਸ ਦੀ ਵਜ੍ਹਾ ਪੁੱਛੀ ਤਾਂ ਡਿਲੀਵਰੀ ਬੁਆਏ ਗਾਲੀ-ਗਲੌਚ ਕਰਨ ਲੱਗ ਪਿਆ ਤੇ ਫੈਕਟਰੀ ਤੋਂ ਬਾਹਰ ਚਲਾ ਗਿਆ। ਕੁਝ ਦੇਰ ਬਾਅਦ ਉਹ ਹਥਿਆਰਬੰਦ ਸਾਥੀਆਂ ਦੇ ਨਾਲ ਫੈਕਟਰੀ ਦੇ ਬਾਹਰ ਆਇਆ ਤੇ ਇੱਟਾਂ-ਪੱਥਰਾਂ ਨਾਲ ਫੈਕਟਰੀ ਦਾ ਮੁੱਖ ਦਰਵਾਜ਼ਾ ਤੋੜ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਅੰਦਰ ਮੌਜੂਦ ਲੇਬਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਫੈਕਟਰੀ ਵਿਚ ਭੰਨ੍ਹਤੋੜ ਕੀਤੀ। ਇਸ ਦੌਰਾਨ ਉਹ ਦਰਾਜ ਵਿਚ ਪਏ 4.65 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਮਗਰੋਂ ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਭੇਜਿਆ ਗਿਆ ਤੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।
ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਸਵਿੱਗੀ ਡਿਲੀਵਰੀ ਆਈ. ਡੀ. ਦੇ ਅਧਾਰ 'ਤੇ ਮੁਲਜ਼ਮ ਹਰਸ਼ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ, ਦੰਗਾ ਭੜਕਾਉਣ, ਭੰਨ੍ਹਤੋੜ ਅਤੇ ਲੁੱਟ-ਖੋਹ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀਆਂ ਹਨ।
ਬਾਰਸ਼ ਕਾਰਨ ਗਰੀਬ ਦੇ ਘਰ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰ
NEXT STORY