ਬਠਿੰਡਾ(ਵਰਮਾ)-ਪਿੰਡ ਗੰਗਾ ਵਾਸੀ ਬਜ਼ੁਰਗ ਕਿਸਾਨ ਜੋਗਿੰਦਰ ਸਿੰਘ ਨੇ ਪੁਲਸ 'ਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਬੇਟੇ ਨੂੰ ਮੁਖਤਿਆਰ ਖਾਸ ਨਾਂ ਕਰਵਾਉਣ ਤਹਿਸੀਲ ਵਿਚ ਗਿਆ ਸੀ ਪਰ ਬੇਟੇ ਸੰਪੂਰਨ ਸਿੰਘ ਨੇ ਧੋਖੇ ਨਾਲ ਮੁਖਤਿਆਰੇ ਆਮ 'ਤੇ ਦਸਤਖਤ ਕਰਵਾ ਲਿਆ ਅਤੇ ਜ਼ਮੀਨ ਆਪਣੇ ਨਾਂ ਕਰਵਾ ਲਈ। ਇਸ ਸਬੰਧੀ ਪੁਲਸ ਨੂੰ ਵਾਰ-ਵਾਰ ਸ਼ਿਕਾਇਤ ਦਿੱਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਖੀਰ ਵਿਚ ਉਸ ਨੇ ਅਦਾਲਤ ਦੀ ਸ਼ਰਨ ਲਈ, ਅਦਾਲਤ ਦੇ ਨਿਰਦੇਸ਼ 'ਤੇ ਪਲਸ ਨੇ ਸੰਪੂਰਨ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਜਦਕਿ ਉਸ ਦੀ ਸ਼ਿਕਾਇਤ ਵਿਚ 4 ਔਰਤਾਂ ਸਮੇਤ 3 ਮਰਦ ਸ਼ਾਮਲ ਸਨ। ਬਜ਼ੁਰਗ ਕਿਸਾਨ ਨੇ ਦੱਸਿਆ ਕਿ ਪੁਲਸ ਨੇ ਹੋਰ ਮੁਲਜ਼ਮ ਜਿਸ ਵਿਚ ਅੰਗਰੇਜ਼ ਕੌਰ, ਸੁਖਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਜਸਵੰਤ ਸਿੰਘ ਤੇ ਗੁਰਸੇਵਕ ਸਿੰਘ ਨੂੰ ਛੱਡ ਦਿੱਤਾ। ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2017 ਵਿਚ ਜ਼ਮੀਨ ਨਾਂ ਕਰਵਾਉਣ ਤੇ ਧੋਖਾਦੇਹੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ 8 ਮਹੀਨਿਆਂ ਤੱਕ ਇਸ ਮਾਮਲੇ ਵਿਚ ਟਾਲ-ਮਟੋਲ ਕਰਦੀ ਰਹੀ ਅਤੇ ਵਾਰ-ਵਾਰ ਪੁਲਸ ਦੇ ਚੱਕਰ ਲਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਅਖੀਰ 'ਚ 2017 ਵਿਚ ਸਥਾਨਕ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿਚ ਅਦਾਲਤ ਨੇ ਮਨਜ਼ੂਰ ਕਰਦਿਆਂ ਪੁਲਸ ਦੇ ਕੁਝ ਕਰਮਚਾਰੀਆਂ ਨੂੰ ਤਲਬ ਵੀ ਕੀਤਾ। 27 ਫਰਵਰੀ ਨੂੰ ਅਦਾਲਤ ਨੇ ਪੁਲਸ 'ਤੇ ਸਖ਼ਤ ਰਵੱਈਆ ਅਪਣਾਉਂਦਿਆਂ ਫਟਕਾਰ ਲਾਈ ਤੇ 28 ਮਾਰਚ ਤੱਕ ਮਾਮਲੇ ਦੀ ਜਵਾਬ-ਤਲਬੀ ਕੀਤੀ। ਥਾਣਾ ਪੁਲਸ ਲਾਈਨ ਨੇ ਅਗਲੀ ਕਾਰਵਾਈ ਤੋਂ ਬਚਣ ਲਈ ਇਕ ਵਿਅਕਤੀ ਸੰਪੂਰਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਫਾਈਲ ਨੂੰ ਬੰਦ ਕਰ ਦਿੱਤਾ, ਬਾਕੀ 6 ਹੋਰ ਲੋਕਾਂ ਨੂੰ ਨਾਮਜ਼ਦ ਨਹੀਂ ਕੀਤਾ। ਪੁਲਸ ਨੇ ਸੰਪੂਰਨ ਸਿੰਘ 'ਤੇ ਜ਼ਮੀਨ ਦਾ ਇਕਰਾਰਨਾਮਾ ਲੈ ਕੇ ਖਰੀਦਦਾਰਾਂ ਤੋਂ ਹਾਸਲ ਕੀਤੀ ਰਕਮ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਤੇ ਪੁਲਸ ਨੇ ਉਸ 'ਤੇ ਠੱਗੀ ਦਾ ਮਾਮਲਾ ਦਰਜ ਕੀਤਾ, ਜਿਸ ਤੋਂ ਜੋਗਿੰਦਰ ਸਿੰਘ ਰਾਜ਼ੀ ਨਹੀਂ ਕਿਉਂਕਿ ਉਸ ਦੇ ਅਨੁਸਾਰ ਇਸ ਮਾਮਲੇ ਵਿਚ 6 ਹੋਰ ਮੁਲਜ਼ਮ ਹਨ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ
ਐੱਸ. ਐੱਸ. ਪੀ. ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੰਪੂਰਨ ਸਿੰਘ ਵਿਰੁੱਧ ਠੱਗੀ ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੋਰ ਲੋਕਾਂ ਸਬੰਧੀ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਇਸ ਕੇਸ ਵਿਚ ਸ਼ਾਮਲ ਕੀਤਾ ਜਾਵੇਗਾ।
ਵਿੱਤ ਮੰਤਰੀ ਦਫਤਰ ਸਾਹਮਣੇ ਧਰਨਾ ਲਾਉਣ ਜਾਂਦੇ ਅਧਿਆਪਕਾਂ ਨੂੰ ਪੁਲਸ ਨੇ ਰੋਕਿਆ
NEXT STORY