ਫਿਰੋਜ਼ਪੁਰ (ਮਲਹੋਤਰਾ) - ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਨਸਭਾ ਖੇਤਰ ਫਿਰੋਜ਼ਪੁਰ ਸ਼ਹਿਰੀ ਤੋਂ ਚੋਣ ਲੜਣ ਵਾਲੇ ਨਰਿੰਦਰ ਸਿੰਘ ਸੰਧਾ ਤੇ ਫਿਰੋਜ਼ਪੁਰ ਅਤੇ ਜ਼ੀਰਾ ਦੇ ਦੋ ਬੈਂਕਾਂ ਨੇ 75 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬੜੌਦਾ ਬੈਂਕ ਦੇ ਮੈਨੇਜਰ ਅਰੁਣ ਕੁਮਾਰ ਸ਼ਰਮਾ ਨੇ ਕਿਹਾ ਕਿ ਕੀਟਨਾਸ਼ਕ ਦਵਾਈਆਂ ਤੇ ਖਾਦ ਬਣਾਉਣ ਵਾਲੀ ਫੈਕਟਰੀ ਮੈਸਰਜ਼ ਸ਼ਕਤੀਮਾਨ ਬਾਇਓਟੈਕ, ਰਟੋਲ ਰੋਹੀ ਦੇ ਹਿੱਸੇਦਾਰਾਂ ਨਰਿੰਦਰ ਸਿੰਘ ਅਤੇ ਦਵਿੰਦਰ ਕੁਮਾਰ ਨੇ ਫਰਵਰੀ 2008 ’ਚ ਸਮਾਲ ਸਕੇਲ ਇੰਡਸਟਰੀਜ਼ ਦੇ ਨਾਂ ’ਤੇ ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਬਰਾਂਚ ਮੈਨੇਜਰ ਅਨੁਸਾਰ ਕਰਜ਼ਾ ਲੈਣ ਸਮੇਂ ਦਵਿੰਦਰ ਕੁਮਾਰ ਨੇ ਆਪਣੇ ਆਪ ਨੂੰ ਫੈਕਟਰੀ ਵਾਲੀ 7 ਕਨਾਲ ਜ਼ਮੀਨ ਦਾ ਮਾਲਕ ਦਰਸਾਇਆ ਅਤੇ ਇਸ ਸਬੰਧੀ ਜ਼ਮੀਨ ਦੀ 2006-07 ਦੀ ਜਮਾਂਬੰਦੀ ਬੈਂਕ ਨੂੰ ਦਿੱਤੀ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੇ ਬੈਂਕ ਨਾਲ ਧੋਖਾ ਕਰਦੇ ਹੋਏ ਬਿਨਾਂ ਐਨ.ਓ.ਸੀ. ਲਏ ਇਸ ਜ਼ਮੀਨ ’ਚੋਂ 6 ਕਨਾਲ 12 ਮਰਲੇ ਜ਼ਮੀਨ ਦਾ ਇਕਰਾਰਨਾਮਾ ਨਰਿੰਦਰ ਸਿੰਘ ਦੇ ਨਾਂ ਕਰ ਦਿੱਤਾ। ਨਰਿੰਦਰ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਕਿ ਇਸ ਜ਼ਮੀਨ ਦੇ ਦੋਹਾਂ ਨੇ ਪਹਿਲਾਂ ਹੀ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ। ਬੈਂਕ ਮੈਨੇਜਰ ਦੇ ਦੋਸ਼ ਹਨ ਕਿ ਜ਼ਮੀਨ ’ਤੇ ਲਿਆ 25 ਲੱਖ ਰੁਪਏ ਦਾ ਕਰਜ਼ਾ ਚੁਕਾਏ ਬਿਨਾਂ ਇਸ ਨੂੰ ਅੱਗੇ ਵੇਚ ਦਿੱਤਾ। ਇਸ ਮੌਕੇ ਉਸ ਨੇ ਨਾ ਬੈਂਕ ਨੂੰ ਵਿਆਜ ਅਦਾ ਕੀਤਾ ਤੇ ਨਾਂ ਹੀ ਕਰਜ਼ਾ ਵਾਪਸ ਕੀਤਾ। ਇਸ ਸਮੇਂ ਕਰਜ਼ੇ ਦਾ 24 ਲੱਖ 90 ਹਜ਼ਾਰ 837 ਰੁਪਏ ਬਕਾਇਆ ਚੱਲ ਰਿਹਾ ਹੈ। ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਦੋਹਾਂ ਦੇ ਖਿਲਾਫ ਧੋਖਾਧੜੀ ਤੇ ਅਮਾਨਤ ਵਿਚ ਖਿਆਨਤ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰ ਲਿਆ।
ਇਥੇ ਦੱਸਣਯੋਗ ਇਹ ਹੈ ਕਿ ਅਜਿਹੀ ਹੀ 50 ਲੱਖ ਰੁਪਏ ਦੀ ਇਕ ਹੋਰ ਠੱਗੀ ਨੂੰ ਦੋਹਾਂ ਨੇ ਮਿਲਕੇ ਜ਼ੀਰਾ ’ਚ ਅੰਜਾਮ ਦਿੱਤਾ ਹੈ। ਥਾਣਾ ਸਦਰ ਜ਼ੀਰਾ ਪੁਲਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਸ਼ਾਖਾ ਪ੍ਰਬੰਧਕ ਦੀ ਸ਼ਿਕਾਇਤ ਦੇ ਅਧਾਰ ’ਤੇ ਉਕਤ ਦੋਹਾਂ ਤੋਂ ਇਲਾਵਾ ਦੋ ਔਰਤਾਂ ਵਿਰੁੱਧ ਪਰਚਾ ਦਰਜ ਕੀਤਾ ਹੈ। ਏ.ਐਸ.ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਐਸ.ਬੀ.ਆਈ. ਸ਼ਾਖਾ ਪ੍ਰਬੰਧਕ ਨੇ ਸ਼ਿਕਾਇਤ ਦਿੱਤੀ ਕਿ ਨਰਿੰਦਰ ਸਿੰਘ, ਦਵਿੰਦਰ ਕੁਮਾਰ, ਉਸਦੀ ਪਤਨੀ ਸੰਗੀਤਾ ਤੇ ਇਕ ਹੋਰ ਮਹਿਲਾ ਦੀਪਕਾ ਨੇ ਬੈਂਕ ਦੇ ਕੋਲ ਫਿਰੋਜ਼ਪੁਰ ਸ਼ਹਿਰ ਅਤੇ ਪਿੰਡ ਰਟੋਲ ਰੋਹੀ ਸਥਿਤ ਜ਼ਮੀਨ ਦੇ ਕਾਗਜਾਤ ਗਿਰਵੀ ਰੱਖ ਕੇ 50 ਲੱਖ ਰੁਪਏ ਦਾ ਕਰਜ਼ਾ ਪਾਸ ਕਰਵਾ ਲਿਆ। ਇਸ ਤੋਂ ਦੋਸ਼ੀਆਂ ਨੇ ਬੈਂਕ ਤੋਂ ਬਿਨਾਂ ਐਨ.ਓ.ਸੀ. ਲਏ ਗਿਰਵੀ ਰੱਖੀ ਜ਼ਮੀਨ ਨੂੰ ਅੱਗੇ ਵੇਚ ਦਿੱਤਾ ਤੇ ਬੈਂਕ ਨਾਲ ਧੋਖਾ ਕੀਤਾ। ਪੁਲਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਜਨੀਤਕ ਦਬਾਓ ’ਚ ਦਰਜ ਕੀਤੇ ਗਏ ਪਰਚੇ : ਸੰਧਾ
ਆਮ ਆਦਮੀ ਪਾਰਟੀ ਤੋਂ ਚੋਣ ਲੜੇ ਨਰਿੰਦਰ ਸਿੰਘ ਸੰਧਾ ਨੇ ਕਿਹਾ ਕਿ ਮੇਰੇ ’ਤੇ ਰਾਜਨੀਤਕ ਦਬਾਓ ਵਿਚ ਪਰਚੇ ਕੱਟੇ ਗਏ ਹਨ, ਜਦਕਿ ਮੈਂ ਕੋਈ ਧੋਖਾ ਨਹੀਂ ਕੀਤਾ। ਜਿਸ ਫੈਕਟਰੀ ਦਾ ਇਨਾਂ ਪਰਚਿਆਂ ਵਿਚ ਜ਼ਿਕਰ ਕੀਤਾ, ਉਸ ਵਿਚ ਉਹ 2008 ਵਿਚ ਭਾਈਵਾਲ ਸਨ ਅਤੇ 2012 ਵਿਚ ਉਨਾਂ ਆਪਣਾ ਹਿੱਸਾ ਕੱਢ ਲਿਆ ਸੀ। ਸੰਧਾ ਨੇ ਕਿਹਾ ਕਿ ਜੇਕਰ ਈ.ਓ. ਵਿੰਗ ਨੇ ਇਨਾਂ ਸ਼ਿਕਾਇਤਾਂ ਸਬੰਧੀ ਜਾਂਚ ਕੀਤੀ ਹੈ ਤਾਂ ਉਨਾਂ ਨੂੰ ਇਸ ਜਾਂਚ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਜੇਕਰ ਮੈਂ ਬੈਂਕਾਂ ਦਾ 25-30 ਲੱਖ ਰੁਪਏ ਦਾ ਦੇਣਦਾਰ ਹਾਂ ਤਾਂ ਬੈਂਕਾਂ ਵੱਲੋਂ ਅੱਜ ਤੱਕ ਮੈਨੂੰ ਕੋਈ ਨੋਟਿਸ ਕਿਉਂ ਨਹੀਂ ਕੱਢਿਆ ਤੇ ਸੂਚਨਾ ਕਿਉਂ ਨਹੀਂ ਦਿੱਤੀ। 25 ਲੱਖ ਰੁਪਏ ਦੀ ਮੇਰੇ ਸਾਹਮਣੇ ਕੋਈ ਹੈਸੀਅਤ ਨਹੀਂ ਹੈ।
ਕਣਕ ਨਾ ਮਿਲਣ ਕਾਰਨ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY