ਫਿਰੋਜ਼ਪੁਰ (ਪਰਮਜੀਤ ਸੋਢੀ): ਫਿਰੋਜ਼ਪੁਰ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਭੇਜਣ ਦਾ ਸਬਜ਼ਬਾਗ ਦਿਖਾ ਕੇ ਇਕ ਪਰਿਵਾਰ ਕੋਲੋਂ ਲੱਖਾਂ ਰੁਪਏ ਹੜੱਪ ਲਏ ਗਏ। ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ 318 (4), 338, 336 (3) ਬੀਐੱਨਐੱਸ 13 ਦੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2014 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਉੱਚ ਪੁਲਸ ਅਧਿਕਾਰੀਆਂ ਦੀ ਲੰਬੀ ਪੜਤਾਲ ਅਤੇ ਤੱਥਾਂ ਦੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਿੰਦਰਪਾਲ ਪੁੱਤਰ ਮੁਨਸ਼ੀ ਰਾਮ, ਵਾਸੀ ਡਿਫੈਂਸ ਕਾਲੌਨੀ (ਫੇਸ-03), ਮੋਗਾ ਰੋਡ ਫਿਰੋਜ਼ਪੁਰ ਨੇ ਪੁਲਸ ਕੋਲ ਇਨਸਾਫ਼ ਦੀ ਗੁਹਾਰ ਲਗਾਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਤਰਵਾਦੀ ਮਹਿਤਾਬ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਉਸ ਦੇ ਲੜਕੇ ਰੋਹਿਤ ਕੁਮਾਰ ਅਤੇ ਨੂੰਹ ਪਾਇਲ ਅਰੋੜਾ ਨੂੰ ਝਾਂਸਾ ਦੇ ਕੇ ਵਿਦੇਸ਼ ਭੇਜਣ ਦਾ ਸੌਦਾ ਕੀਤਾ ਸੀ। ਇਸ ਕੰਮ ਲਈ ਮੁਲਜ਼ਮਾਂ ਨੇ ਉਸ ਕੋਲੋਂ 20 ਲੱਖ ਰੁਪਏ ਵਸੂਲੇ ਸਨ। ਐੱਸਐੱਸਪੀ ਫਿਰੋਜ਼ਪੁਰ ਦੇ ਹੁਕਮਾਂ ’ਤੇ ਉਪ ਕਪਤਾਨ ਪੁਲਿਸ (ਡੀਐੱਸਪੀ ਸ਼ਹਿਰੀ) ਵੱਲੋਂ ਕੀਤੀ ਗਈ ਬਾਰੀਕੀ ਨਾਲ ਜਾਂਚ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ। ਮਹਿਤਾਬ ਸਿੰਘ ਨੇ ਜਾਂਚ ਦੌਰਾਨ ਆਪਣੇ ਬਿਆਨਾਂ ਵਿਚ ਖੁਦ ਕਬੂਲ ਕੀਤਾ ਕਿ ਉਸ ਨੇ ਸੁਰਿੰਦਰਪਾਲ ਕੋਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਲਏ ਸਨ, ਪਰ ਉਹ ਉਨ੍ਹਾਂ ਨੂੰ ਬਾਹਰ ਭੇਜਣ ਵਿਚ ਅਸਫਲ ਰਿਹਾ। ਮੁਲਜ਼ਮਾਂ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਵਿਚ ਲੈਣ ਲਈ ਜਾਅਲੀ ਵੀਜ਼ਾ ਅਤੇ ਜਾਅਲੀ ਟਿਕਟਾਂ ਤਿਆਰ ਕਰਕੇ ਦਿੱਤੀਆਂ। ਮੁਲਜ਼ਮਾਂ ਨੇ ਨਾ ਸਿਰਫ਼ ਪੈਸੇ ਠੱਗੇ, ਸਗੋਂ ਪੀੜ੍ਹਤਾਂ ਦੇ ਅਸਲੀ ਪਾਸਪੋਰਟ ਵੀ ਖੁਰਦ-ਬੁਰਦ ਕਰ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਹਿਤਾਬ ਸਿੰਘ ਨੇ ਆਪਣੀ ਪਤਨੀ ਮਨਜਿੰਦਰ ਕੌਰ ਦਾ ਪੱਖ ਪੇਸ਼ ਕਰਨ ਲਈ ਪੁਲਿਸ ਪਾਸੋਂ 3 ਦਿਨਾਂ ਦਾ ਸਮਾਂ ਲਿਆ ਸੀ, ਪਰ ਉਹ ਆਪਣੀ ਪਤਨੀ ਨੂੰ ਪੇਸ਼ ਕਰਨ ਵਿਚ ਨਾਕਾਮ ਰਿਹਾ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ਮਹਿਤਾਬ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁੱਟਰ, ਫਿਰੋਜ਼ਪੁਰ, ਮਨਜਿੰਦਰ ਕੌਰ ਮਹਿਤਾਬ ਸਿੰਘ ਦੀ ਪਤਨੀ, ਸੰਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 8 ਆਨੰਦ ਨਗਰ, ਗੜਸ਼ੰਕਰ, ਜ਼ਿਲ੍ਹਾ ਐੱਸਬੀਐੱਸ ਨਗਰ ਨੇ ਆਪਸੀ ਮਿਲੀਭੁਗਤ ਨਾਲ ਇਸ ਠੱਗੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦੀ ਕਰੰਟ ਲੱਗਣ ਕਾਰਣ ਮੌਤ
NEXT STORY