ਜਲੰਧਰ (ਪੁਨੀਤ)–ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਸਕੀਮ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਕਈ ਕਿਰਾਏਦਾਰਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾ ਦਾ ਲਾਭ ਨਹੀਂ ਮਿਲ ਪਾ ਰਿਹਾ। ਘਰ ਦਾ ਬਿਜਲੀ ਬਿੱਲ ਸਿਫ਼ਰ ਆਉਣ ਦੇ ਬਾਵਜੂਦ ਕਈ ਮਕਾਨ ਮਾਲਕ ਗਲਤ ਹੱਥਕੰਡੇ ਅਪਣਾਉਂਦੇ ਆਪਣੇ ਕਿਰਾਏਦਾਰਾਂ ਤੋਂ ਬਿਜਲੀ ਦਾ ਬਿੱਲ ਵਸੂਲ ਰਹੇ ਹਨ, ਜੋਕਿ ਸਿੱਧੇ ਤੌਰ ’ਤੇ 420 ਦਾ ਮਾਮਲਾ ਹੈ। ਕਈ ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਨੂੰ ਸਬ-ਮੀਟਰ ਲਾ ਕੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਮੀਟਰ ਵਿਚ ਆਉਣ ਵਾਲੀ ਰੀਡਿੰਗ ਦਾ 7 ਰੁਪਏ ਪ੍ਰਤੀ ਯੂਨਿਟ ਚਾਰਜ ਕਰਦੇ ਹੋਏ ਕਿਰਾਏਦਾਰਾਂ ਤੋਂ ਬਿਜਲੀ ਦਾ ਬਿੱਲ ਵਸੂਲਿਆ ਜਾ ਰਿਹਾ ਹੈ। ਇਸ ਕਾਰਨ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਵੱਡੀ ਸਹੂਲਤ ਤੋਂ ਲੋਕ ਵਾਂਝੇ ਹੋ ਰਹੇ ਹਨ।
ਕਈ ਇਲਾਕਿਆਂ ਵਿਚ ਪਲਾਟਾਂ ਵਿਚ ਲੇਬਰ ਦੇ ਲੋਕਾਂ ਲਈ ਕੁਆਰਟਰ ਬਣਾਏ ਗਏ ਹਨ। ਇਸ ਵਿਚ ਪ੍ਰਤੀ ਕਮਰੇ ਦੇ ਹਿਸਾਬ ਨਾਲ 200 ਤੋਂ ਲੈ ਕੇ 400 ਰੁਪਏ ਤੱਕ ਬਿਜਲੀ ਦੀ ਵਰਤੋਂ ਕਰਨ ਦੇ ਵਸੂਲੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਲੇਬਰ ਦੇ ਕੁਆਰਟਰ ਵਿਚ ਰਹਿਣ ਵਾਲਿਆਂ ਨੂੰ ਬੱਲਬ ਅਤੇ ਪੱਖਾ ਚਲਾਉਣ ਦੀ ਛੋਟ ਦਿੱਤੀ ਜਾਂਦੀ ਹੈ। ਇਸ ਜ਼ਰੀਏ ਕਮਰੇ ਕਿਰਾਏ ’ਤੇ ਦੇਣ ਵਾਲੇ ਲੋਕ ਬਿਜਲੀ ਬਿੱਲਾਂ ਤੋਂ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਕਮਾ ਰਹੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਤੇ ਬਸਪਾ ਦੀ ਅੱਜ ਹੋਵੇਗੀ ਮੀਟਿੰਗ, ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਸੰਭਵ
ਮਾਹਿਰਾਂ ਦੇ ਮੁਤਾਬਕ ਇਸ ਤਰ੍ਹਾਂ ਨਾਲ ਬਿੱਲ ਵਸੂਲਣਾ ਸਿੱਧੇ ਤੌਰ ’ਤੇ 420 ਦਾ ਮਾਮਲਾ ਹੈ। ਕਿਰਾਏਦਾਰ ਇਸ ਸਬੰਧੀ ਸ਼ਿਕਾਇਤ ਕਰਨ ਤਾਂ ਮਕਾਨ ਮਾਲਕ ’ਤੇ ਬਣਦੀ ਕਾਰਵਾਈ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਮੁਫ਼ਤ ਬਿਜਲੀ ਸਹੂਲਤ ਵੀ ਖੋਹੀ ਜਾ ਸਕਦੀ ਹੈ। ਹੁਣ ਪੈਸੇ ਵਸੂਲਣ ਵਾਲਿਆਂ ਦਾ ਖਾਤਾ ਨੰਬਰ ਵਿਭਾਗ ਵੱਲੋਂ ਮੁਫ਼ਤ ਬਿਜਲੀ ਦੀ ਕੈਟਾਗਿਰੀ ਵਿਚੋਂ ਕੱਢਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸਬੰਧਤ ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝਾ ਹੋ ਜਾਵੇਗਾ।
ਸਬੰਧਤ ਸਬ-ਡਿਵੀਜ਼ਨ ’ਚ ਕਰੋ ਸ਼ਿਕਾਇਤ
ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਰਾਏਦਾਰ ਤੋਂ ਬਿਜਲੀ ਦਾ ਬਿੱਲ ਵਸੂਲਿਆ ਜਾ ਰਿਹਾ ਹੈ ਤਾਂ ਸਬੰਧਤ ਵਿਅਕਤੀ ਆਪਣੇ ਇਲਾਕੇ ਦੀ ਸਬ-ਡਵੀਜ਼ਨ ਵਿਚ ਜਾ ਕੇ ਸ਼ਿਕਾਇਤ ਕਰ ਸਕਦਾ ਹੈ। ਇਸ ’ਤੇ ਸਬੰਧਤ ਬਿਜਲੀ ਦਫਤਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਸਬ-ਡਿਵੀਜ਼ਨ ਵਿਚ ਜੇਕਰ ਉਸ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਆਪਣੇ ਇਲਾਕੇ ਦੇ ਡਵੀਜ਼ਨ ਦਫਤਰ ਵਿਚ ਵੀ ਸ਼ਿਕਾਇਤ ਕਰ ਸਕਦੇ ਹਨ। ਪਾਵਰਕਾਮ ਅਧਿਕਾਰੀਆਂ ਨੂੰ ਅਜਿਹੇ ਲੋਕਾਂ ’ਤੇ ਬਣਦੀ ਕਾਰਵਾਈ ਕਰਨੀ ਪਵੇਗੀ।
ਕਿਰਾਏਦਾਰ ਨੂੰ ਆਪਣਾ ਮੀਟਰ ਲੁਆਉਣ ਦਾ ਅਧਿਕਾਰ
ਪਾਵਰਕਾਮ ਦੇ ਨਿਯਮਾਂ ਮੁਤਾਬਕ ਕਿਰਾਏਦਾਰ ਆਪਣੇ ਨਾਂ ’ਤੇ ਬਿਜਲੀ ਦਾ ਮੀਟਰ ਲੁਆਉਣ ਦਾ ਅਧਿਕਾਰ ਰੱਖਦਾ ਹੈ। ਇਸਦੇ ਲਈ ਉਸ ਨੂੰ ਸਬੰਧਤ ਸਬ-ਡਿਵੀਜ਼ਨ ਵਿਚ ਜਾ ਕੇ ਅਪਲਾਈ ਕਰਨਾ ਹੋਵੇਗਾ, ਇਸਦੇ ਲਈ ਉਸ ਨੂੰ ਵਿਭਾਗੀ ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ। ਨਵਾਂ ਮੀਟਰ ਲੱਗਦੇ ਹੀ ਕਿਰਾਏਦਾਰ ਬਿਜਲੀ ਖ਼ਪਤਕਾਰ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : 'ਆਪ' ਨੇ ਜਲੰਧਰ ਜ਼ਿਮਨੀ ਚੋਣ ਲਈ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੂੰ ਲਾਇਆ ਇੰਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੋਹਾਲੀ ’ਚ ਕੰਮ ਕਰਦੀਆਂ 2 ਕੁੜੀਆਂ ਨੂੰ ਹੋਇਆ ਪਿਆਰ, ਲਿਵ ਇਨ 'ਚ ਰਹਿਣ ਮਗਰੋਂ ਲਿਆ ਵਿਆਹ ਦਾ ਫ਼ੈਸਲਾ ਪਰ
NEXT STORY