ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਇਕ ਵਪਾਰੀ ਦੀ ਬੰਦ ਦੁਕਾਨ ਦੇ ਸ਼ਟਰ ’ਤੇ ਚਾਰ ਫਾਇਰ ਕਰਨ ਵਾਲੇ ਗੈਂਗਸਟਰ ਰੋਹਿਤ ਗੋਦਾਰਾ ਦੇ ਇਕ ਗੁਰਗੇ ਨੂੰ ਪੁਲਸ ਨੇ ਜਬਰਦਸਤ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸਦਾ ਸਾਥੀ ਰਾਤ ਦੇ ਹਨੇਰੇ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਨੇ ਕਿਹਾ ਕਿ ਨਵਾਂਸ਼ਹਿਰ ਦੇ ਇਕ ਵਪਾਰੀ ਨੂੰ ਗੈਂਗਸਟਰ ਵੱਲੋਂ ਲਗਾਤਾਰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਇਸੇ ਗੈਂਗਸਟਰ ਦੇ ਗੁਰਗਿਆਂ ਵੱਲੋਂ ਇਕ ਦਿਨ ਪਹਿਲਾਂ ਵੀ ਲੁਧਿਆਣਾ ਵਿਚ ਵੀ ਇਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ ਜਿਸ ’ਤੇ ਪੁਲਸ ਨੂੰ ਠੋਸ ਜਾਣਕਾਰੀ ਸੀ ਕਿ ਉਕਤ ਗੈਂਗਸਟਰ ਦੇ ਗੁਰਗੇ ਨਵਾਂਸ਼ਹਿਰ ਵਿਚ ਉਕਤ ਵਪਾਰੀ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ ਜਿਸ ਨੂੰ ਲੈ ਕੇ ਵਿਸ਼ੇਸ਼ ਪੁਲਸ ਟੀਮਾਂ ਬਣਾ ਕੇ ਉਕਤ ਵਪਾਰੀ ਦੇ ਘਰ ਅਤੇ ਦੁਕਾਨ ਦੇ ਬਾਹਰ ਸਿਵਲ ਵਰਦੀ ਅਤੇ ਨਿੱਜੀ ਵਾਹਨਾਂ ਵਿਚ ਤਾਇਨਾਤ ਕੀਤੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ, ਲਗਭਗ 10:30 ਵਜੇ, ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਵਪਾਰੀ ਦੀ ਦੁਕਾਨ ਦੇ ਬਾਹਰ ਲਗਭਗ ਚਾਰ ਫਾਇਰ ਕੀਤੇ ਜਿਸ ’ਤੇ ਦੁਕਾਨ ਦੇ ਨੇੜੇ ਤਾਇਨਾਤ ਪੁਲਸ ਪਾਰਟੀ ਨੇ ਨਿੱਜੀ ਵਾਹਨ ਵਿਚ ਉਕਤ ਗੁਰਗਿਆਂ ਦਾ ਪਿੱਛਾ ਕੀਤਾ। ਗੁਰਗਿਆਂ ਨੇ ਪਿੱਛਾ ਕਰ ਰਹੀ ਪੁਲਸ ਪਾਰਟੀ ’ਤੇ ਲਗਭਗ ਅੱਠ ਗੋਲੀਆਂ ਚਲਾਈਆਂ, ਜਦੋਂ ਕਿ ਪੁਲਸ ਪਾਰਟੀ ਨੇ ਸਵੈ-ਰੱਖਿਆ ਵਿਚ ਮੋਟਰਸਾਈਕਲ ਸਵਾਰ ਮੁਲਜ਼ਮਾਂ ’ਤੇ ਵੀ ਗੋਲੀ ਚਲਾਈ। ਉਨ੍ਹਾਂ ਦਾ ਮੋਟਰਸਾਈਕਲ ਬੰਗਾ ਰੋਡ ’ਤੇ ਸਤਲੁਜ ਪੰਪ ਦੇ ਨੇੜੇ ਸੜਕ ’ਤੇ ਡਿੱਗ ਗਿਆ ਅਤੇ ਮੁਲਜ਼ਮਾਂ ਨੇ ਨੇੜਲੇ ਮੁਹੱਲੇ ਵਿਚ ਗਲੀ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਸ ਨੇ ਇਕ ਮੁਲਜ਼ਮ ਜਿਸ ਦੀ ਪਛਾਣ ਗੁਰਬੇਜ ਸਿੰਘ ਉਰਫ਼ ਭੇਜਾ ਵਜੋਂ ਹੋਈ ਹੈ, ਨੂੰ ਪੁਲਸ ਫਾਇਰਿੰਗ ਵਿਚ ਦੋ ਗੋਲੀਆਂ ਲੱਗੀਆਂ, ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਸਦਾ ਸਾਥੀ ਹਨੇਰੇ ਤੇ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਿਆ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮ ਤੋਂ ਦੋ ਪਿਸਤੌਲ ਵੀ ਬਰਾਮਦ ਕੀਤੇ। ਐੱਸ.ਐੱਸ.ਪੀ. ਨੇ ਕਿਹਾ ਕਿ ਦੂਜੇ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵਪਾਰੀ ਤੋਂ ਕੀਤੀ ਸੀ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ
ਪੁਲਸ ਸੂਤਰਾਂ ਅਨੁਸਾਰ, ਜਰਮਨੀ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਲੰਬੇ ਸਮੇਂ ਤੋਂ ਵਪਾਰੀ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਕਰਦੇ ਹੋਏ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਗੈਂਗਸਟਰ ਨੇ ਵਪਾਰੀ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਉਸ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਸ ਧਮਕੀ ਦੇ ਚਲਦੇ ਹੀ ਰੋਹਿਤ ਗੋਦਾਰਾ ਦੇ ਦੋ ਗੁਰਗਿਆਂ ਨੇ ਬੀਤੀ ਰਾਤ ਬੰਦ ਦੁਕਾਨ ਦੇ ਸ਼ਟਰ ''ਤੇ ਚਾਰ ਗੋਲੀਆਂ ਚਲਾ ਕਰ ਵਪਾਰੀ ਨੂੰ ਡਰਾਉਣ ਧਮਾਕਾਉਣ ਦੀ ਕੋਸ਼ਿਸ਼ ਕੀਤੀ ਸੀ।
ਪਹਿਲਾਂ ਵੀ ਵਪਾਰੀ ਦੀ ਦੁਕਾਨ ’ਤੇ ਹੋ ਚੁੱਕੀ ਹੈ ਗੋਲੀਬਾਰੀ
ਦੱਸਿਆ ਜਾ ਰਿਹਾ ਹੈ ਕਿ ਉਕਤ ਵਪਾਰੀ ਪਿਛਲੇ ਪੰਜ ਸਾਲਾਂ ਤੋਂ ਗੈਂਗਸਟਰ ਵੱਲੋਂ ਫਿਰੌਤੀ ਦੀ ਮੰਗ ਕੀਤੇ ਜਾਣ ਵਾਲਿਆਂ ਫੋਨ ਕਾਲਾਂ ਤੋਂ ਪ੍ਰੇਸ਼ਾਨ ਸੀ। ਇਸ ਤੋਂ ਪਹਿਲਾਂ ਵੀ ਵਪਾਰੀ ਦੀ ਬੰਦ ਦੁਕਾਨ ’ਤੇ ਪੰਜ ਰਾਉਂਡ ਗੋਲੀਆਂ ਚਲਾਈਆਂ ਗਈਆਂ ਸਨ।
ਗ੍ਰਿਫਤਾਰ ਮੁਲਜ਼ਮ ’ਤੇ ਦਰਜ ਹਨ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ
ਪੁਲਸ ਵਲੋਂ ਬੀਤੀ ਰਾਤ ਪੁਲਸ ਮੁਕਾਬਲੇ ਵਿਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਰੋਹਿਤ ਗੋਦਾਰਾ ਦੇ ਗੁਰਗੇ ਗੁਰਬੇਜ ਸਿੰਘ ਉਰਫ ਭੇਜਾ ’ਤੇ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ। ਪੁਲਸ ਸੂਤਰਾਂ ਅਨੁਸਾਰ, ਦੋਸ਼ੀ ’ਤੇ ਫਿਰੌਤੀ ਮੰਗਣ, ਡਰੋਨ ਨਾਲ ਹਥਿਆਰ ਮੰਗਵਾਉਣ, ਕਤਲ ਦੀ ਕੋਸ਼ਿਸ਼ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਸਾਲੇ ਨੇ ਗੋਲ਼ੀਆਂ ਮਾਰ ਕੇ ਜੀਜੇ ਦਾ ਕੀਤਾ ਕਤਲ
NEXT STORY