ਚੰਡੀਗੜ੍ਹ (ਸੰਦੀਪ) : ਮਲੋਆ ਕਾਲੋਨੀ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਥੇ ਇਕ ਘਰ 'ਚ ਐੱਲ. ਪੀ. ਜੀ. ਸਿਲੰਡਰ ਚੈੱਕ ਕਰਦੇ ਸਮੇਂ ਗੈਸ ਲੀਕ ਹੋਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ। ਇਸਦੀ ਚਪੇਟ 'ਚ ਘਰ 'ਚ ਮੌਜੂਦ ਬਜ਼ੁਰਗ ਔਰਤ, ਡਲਿਵਰੀ ਬੁਆਏ ਅਤੇ ਸੜਕ 'ਤੇ ਜਾ ਰਿਹਾ ਇਕ ਗੁਆਂਢੀ ਨੌਜਵਾਨ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦਾ ਮੇਨ ਗੇਟ ਉੱਖੜ ਕੇ 20 ਮੀਟਰ ਦੂਰ ਸੜਕ 'ਤੇ ਜਾ ਰਹੇ ਨੌਜਵਾਨ 'ਤੇ ਜਾ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਹਾਦਸੇ 'ਚ ਜ਼ਖਮੀ ਔਰਤ ਦੀ ਪਛਾਣ ਸਰਸਵਤੀ (60) ਦੇ ਤੌਰ 'ਤੇ ਹੋਈ ਹੈ, ਜਿਸਨੂੰ ਇਲਾਜ ਲਈ ਸੈਕਟਰ-16 ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਡਲਿਵਰੀ ਬੁਆਏ ਬਲਜੀਤ ਸਿੰਘ (27) ਦਾ ਇਲਾਜ ਪੀ. ਜੀ. ਆਈ. 'ਚ ਜਾਰੀ ਹੈ। ਗੇਟ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਲੇਖਰਾਜ (37) ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਮਲੋਆ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਤਿੰਨਾਂ ਜ਼ਖ਼ਮੀਆਂ ਨੂੰ ਤੁਰੰਤ ਸੈਕਟਰ-16 ਹਸਪਤਾਲ ਅਤੇ ਪੀ. ਜੀ. ਆਈ. ਪਹੁੰਚਾਇਆ। ਸਰਸਵਤੀ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ, ਜਦੋਂਕਿ ਪੀ. ਜੀ. ਆਈ. 'ਚ ਬਲਜੀਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਸਿਲੰਡਰ ਨੂੰ ਚੈੱਕ ਕਰਨ ਤੋਂ ਬਾਅਦ ਕਮਰੇ 'ਚ ਕਿਸੇ ਨੇ ਲਾਈਟ ਆਨ ਕੀਤੀ ਤਾਂ ਗੈਸ ਲੀਕ ਹੋਣ ਨਾਲ ਧਮਾਕਾ ਹੋ ਗਿਆ। ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ 'ਚ ਜੁੱਟ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸਵਿੱਚ ਆਨ ਕਰਦੇ ਹੀ ਹੋਇਆ ਧਮਾਕਾ
ਮੰਗਲਵਾਰ ਦੁਪਹਿਰ ਸਰਸਵਤੀ ਘਰ 'ਤੇ ਸੀ। ਉਸਦੇ ਪਤੀ ਅਤੇ ਬੇਟੀ ਆਪਣੇ ਕੰਮ 'ਤੇ ਗਏ ਹੋਏ ਸਨ। ਇਸ ਸਮੇਂ ਗੈਸ ਸਿਲੰਡਰ ਦੀ ਡਲਿਵਰੀ ਦੇਣ ਦੇ ਡਲਿਵਰੀ ਬੁਆਏ ਬਲਜੀਤ ਸਿੰਘ ਉਨ੍ਹਾਂ ਦੇ ਘਰ ਪਹੁੰਚਿਆ। ਸਰਸਵਤੀ ਨੇ ਬਲਜੀਤ ਨੂੰ ਸਿਲੰਡਰ ਦੀ ਸੀਲ ਚੈੱਕ ਕਰਨ ਲਈ ਕਿਹਾ। ਬਲਜੀਤ ਨੇ ਸੀਲ ਚੈੱਕ ਕੀਤੀ ਤਾਂ ਇਸ ਦੌਰਾਨ ਕਾਫ਼ੀ ਗੈਸ ਕਮਰੇ 'ਚ ਫੈਲ ਗਈ। ਬਾਅਦ 'ਚ ਵੀ ਗੈਸ ਲੀਕ ਹੁੰਦੀ ਰਹੀ, ਜਿਉਂ ਹੀ ਕਮਰੇ ਦੀ ਲਾਈਟ ਆਨ ਕੀਤੀ ਗਈ ਤਾਂ ਜ਼ੋਰਦਾਰ ਧਮਾਕਾ ਹੋ ਗਿਆ। ਸਰਸਵਤੀ ਅਤੇ ਬਲਜੀਤ ਜ਼ਖ਼ਮੀ ਹੋ ਗਏ, ਉਥੇ ਹੀ ਘਰ ਦਾ ਮੁੱਖ ਗੇਟ ਵੀ ਉੱਖੜ ਕੇ 20 ਮੀਟਰ ਦੂਰ ਸੜਕ 'ਤੇ ਜਾ ਰਹੇ ਉਥੇ ਹੀ ਦੇ ਰਹਿਣ ਵਾਲੇ ਲੇਖਰਾਜ 'ਤੇ ਜਾ ਕੇ ਡਿੱਗਿਆ। ਧਮਾਕੇ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋ ਗਏ। ਇਸ ਗੱਲ ਦੀ ਸੂਚਨਾ ਤੁਰੰਤ ਪੁਲਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ।
ਲੋਹੇ ਦੀ ਅਲਮਾਰੀ ਵੀ ਬੁਰੀ ਤਰ੍ਹਾਂ ਹੋਈ ਨਸ਼ਟ
ਧਮਾਕਾ ਇਨਾ ਜ਼ਬਰਦਸਤ ਸੀ ਕਿ ਕਮਰੇ 'ਚ ਰੱਖੀ ਲੋਹੇ ਦੀ ਅਲਮਾਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਗਲੀ 'ਚ ਖੜ੍ਹੀ ਇਕ ਐਕਟਿਵਾ ਵੀ ਇਸ ਧਮਾਕੇ ਦੀ ਲਪੇਟ 'ਚ ਆਉਣ ਨਾਲ ਨੁਕਸਾਨੀ ਗਈ।

ਗੁਆਂਢੀਆਂ ਨੂੰ ਲੱਗਾ ਕੋਈ ਬੰਬ ਫਟਿਆ ਹੈ
ਸਰਸਵਤੀ ਦੇ ਗੁਆਂਢ 'ਚ ਰਹਿਣ ਵਾਲੇ ਕੇਦਾਰਨਾਥ ਅਨੁਸਾਰ ਦੁਪਹਿਰ ਸਮੇਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਘਰ ਪਹੁੰਚੇ ਸਨ। ਜਿਉਂ ਹੀ ਉਹ ਆਪਣੇ ਘਰ 'ਚ ਪ੍ਰਵੇਸ਼ ਕਰਨ ਲੱਗੇ ਤਾਂ ਇਕਦਮ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਉਨ੍ਹਾਂ ਨੂੰ ਲੱਗਾ ਕਿ ਜਿਉਂ ਉਨ੍ਹਾਂ ਦੇ ਘਰ ਕੋਲ ਬੰਬ ਫਟ ਗਿਆ ਹੈ। ਬਾਹਰ ਆ ਕੇ ਵੇਖਿਆ ਤਾਂ ਗਲੀ 'ਚ ਇਕ ਨੌਜਵਾਨ ਦੇ ਪੈਰ 'ਤੇ ਲੋਹੇ ਦਾ ਗੇਟ ਪਿਆ ਸੀ ਅਤੇ ਉਹ ਲਹੂ-ਲੁਹਾਨ ਹਾਲਤ 'ਚ ਪਿਆ ਹੋਇਆ ਹੈ। ਗੁਆਂਢ ਦਾ ਘਰ, ਜਿੱਥੇ ਧਮਾਕਾ ਹੋਇਆ ਸੀ ਉੱਥੇ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ। ਅੰਦਰ ਜਾ ਕੇ ਵੇਖਿਆ ਤਾਂ ਉੱਥੇ ਸਰਸਵਤੀ ਅਤੇ ਬਲਜੀਤ ਬੁਰੀ ਤਰ੍ਹਾਂ ਨਾਲ ਝੁਲਸੀ ਹੋਈ ਹਾਲਤ 'ਚ ਪਏ ਹੋਏ ਸਨ। ਲੋਕਾਂ ਨੇ ਸਰਸਵਤੀ ਅਤੇ ਬਲਜੀਤ 'ਤੇ ਕੰਬਲ ਪਾ ਕੇ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਕੱਢਿਆ ਅਤੇ ਫਿਰ ਬਾਹਰੋਂ ਰੇਤ ਇਕੱਠੀ ਕਰ ਕੇ ਕਮਰੇ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦੇਣ ਲਈ ਕੰਟਰੋਲ ਰੂਮ ਦਾ ਨੰਬਰ ਡਾਇਲ ਕੀਤਾ ਪਰ ਕਾਫ਼ੀ ਦੇਰ ਤੱਕ ਕੋਈ ਰਿਸਪਾਂਸ ਨਹੀਂ ਮਿਲਿਆ। ਲਗਾਤਾਰ ਕੰਟਰੋਲ ਰੂਮ 'ਤੇ ਕਾਲ ਕਰਦੇ ਰਹੇ, ਤਾਂ ਜਾ ਕੇ ਨੰਬਰ ਤੋਂ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ।
ਲੋਕਾਂ 'ਤੇ ਮਹਿੰਗਾਈ ਦੀ ਮਾਰ, ਪਿਆਜ਼ ਦੀਆਂ ਕੀਮਤਾਂ 100 ਦੇ ਪਾਰ (ਵੀਡੀਓ)
NEXT STORY