ਫਗਵਾੜਾ (ਜਲੋਟਾ)— ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਸਰਾਫਾ ਬਾਜ਼ਾਰ ਇਲਾਕੇ 'ਚੋਂ ਅੱਧਾ ਕਿਲੋ ਸੋਨਾ ਲੁੱਟਣ ਦੀ ਹੋਈ ਡਕੈਤੀ ਨੂੰ 24 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਜਾਣ 'ਤੇ ਵੀ ਪੁਲਸ ਦੇ ਹੱਥ ਖਾਲੀ ਹਨ। ਲੁਟੇਰੇ ਕੌਣ ਸਨ ਅਤੇ ਕਿਥੋਂ ਆਏ ਸਨ ਅਤੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਫਰਾਰ ਹੋ ਗਏ। ਇਸ ਸਬੰਧੀ ਜਦ 'ਜਗ ਬਾਣੀ' ਟੀਮ ਨੇ ਐੱਸ. ਪੀ. ਫਗਵਾੜਾ ਮਨਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਵਿਜੇ ਕੁੰਵਰ ਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਹਿਮ ਖੁਲਾਸਾ ਕਰਦੇ ਹੋਏ ਦੱਸਿਆ ਕਿ ਲੁਟੇਰਿਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ। ਐੱਸ. ਪੀ. ਮਨਵਿੰਦਰ ਸਿੰਘ ਨੇ ਕਿਹਾ ਕਿ ਚਾਰੋਂ ਲੁਟੇਰੇ ਵਾਰਦਾਤ ਵਾਲੀ ਜਗ੍ਹਾਂ ਤਕ ਪੈਦਲ ਆਏ ਅਤੇ ਡਕੈਤੀ ਤੋਂ ਬਾਅਦ ਵੀ ਪੈਦਲ ਹੀ ਸ਼ਹਿਰ ਦੇ ਪ੍ਰਮੁੱਖ ਰਸਤੇ ਤੋਂ ਵਾਪਸ ਗਏ ਹਨ।
ਉਨ੍ਹਾਂ ਕਿਹਾ ਕਿ ਪੁਲਸ ਨੂੰ ਡਕੈਤਾਂ ਦੇ ਆਉਣ ਤੇ ਜਾਣ ਵਾਲੇ ਰੂਟ ਦੀ ਪੂਰੀ ਜਾਣਕਾਰੀ ਮਿਲ ਗਈ। ਸ਼੍ਰੀ ਸਿੰਘ ਨੇ ਕਿਹਾ ਕਿ ਅਜੇ ਤਕ ਚੱਲੀ ਜਾਂਚ 'ਚ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਪਹਿਲਾਂ ਪਲਾਹੀ ਤਕ ਪਹੁੰਚੇ, ਉਥੋਂ ਪੈਦਲ ਵਾਰਦਾਤ ਥਾਂ ਤਕ ਪਹੁੰਚੇ ਅਤੇ ਵਾਪਸ ਵੀ ਪੈਦਲ ਗਏ। ਉਹ ਕਿਸ ਵਾਹਨ 'ਤੇ ਆਏ ਸੀ, ਇਸ ਦਾ ਹਾਲੇ ਪਤਾ ਨਹੀਂ ਲੱਗਾ ਹੈ। ਇਸ ਦੌਰਾਨ ਐੱਸ. ਐੱਚ. ਓ. ਸਿਟੀ ਵਿਜੇ ਕੁੰਵਰ ਪਾਲ ਨੇ ਕਿਹਾ ਕਿ ਪੁਲਸ ਨੂੰ ਲੁਟੇਰਿਆਂ ਦੇ ਅਸਲੀ ਚਿਹਰੇ ਅਤੇ ਕੁਝ ਹੋਰ ਅਹਿਮ ਸੁਰਾਗ ਮਿਲ ਚੁੱਕੇ ਹਨ ਜੋ ਉਕਤ ਡਕੈਤੀ ਕਾਂਡ ਨੂੰ ਸੁਲਝਾਉਣ 'ਚ ਅਹਿਮ ਸਾਬਤ ਹੋਣ ਵਾਲੀ ਹੈ। ਐੱਸ. ਪੀ. ਮਨਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਵਿਜੇ ਕੁੰਵਰ ਪਾਲ ਨੇ ਦਾਅਵਾ ਕੀਤਾ ਕਿ ਉਕਤ ਡਕੈਤੀ ਕਾਂਡ ਬਹੁਤ ਜਲਦੀ ਸੁਲਝਾ ਲਿਆ ਜਾਵੇਗਾ।
ਫਗਵਾੜਾ ਇਕ ਵਾਰ ਫਿਰ ਬਣਿਆ ਡਕੈਤੀ ਦਾ ਕੇਂਦਰ
ਕਰੀਬ ਅੱਧਾ ਕਿਲੋ ਸੋਨੇ ਦੀ ਡਕੈਤੀ ਜਿਸ ਨੂੰ ਕਥਿਤ ਤੌਰ 'ਤੇ 4 ਪਿਸਤੌਲਧਾਰੀ ਲੁਟੇਰੇ ਫਿਲਮੀ ਸਟਾਈਲ 'ਚ ਅੰਜਾਮ ਦੇ ਕੇ ਚਲੇ ਗਏ। ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੁੰਦੀਆਂ ਰਹੀਆਂ ਡਕੈਤੀ ਦੀਆਂ ਵਾਰਦਾਤਾਂ ਤੋਂ ਪੁਲਸ ਨੇ ਕੁਝ ਨਹੀਂ ਸਿੱਖਿਆ। ਇਹ ਉਸ ਦਾ ਨਤੀਜਾ ਹੈ ਕਿ ਫਗਵਾੜਾ ਇਕ ਵਾਰ ਫਿਰ ਡਕੈਤੀ ਦਾ ਕੇਂਦਰ ਬਣ ਗਿਆ। ਫਗਵਾੜਾ ਪੁਲਸ ਥਾਣਿਆਂ ਦਾ ਜੇ ਟ੍ਰੈਕ ਰਿਕਾਰਡ ਖੰਗਾਲਿਆ ਜਾਵੇ ਤਾਂ ਇਹ ਸਾਫ ਹੋ ਜਾਵੇਗਾ ਕਿ ਫਗਵਾੜਾ 'ਚ ਜਦੋਂ ਵੀ ਵੱਡੀ ਡਕੈਤੀ ਹੁੰਦੀ ਹੈ। ਉਸ ਸਮੇਂ ਰਾਤ 8 ਤੋਂ 9.30 ਵਜੇ ਵਿਚਕਾਰ ਹੁੰਦਾ ਹੈ। ਇਸ ਤੋਂ ਕੁਝ ਸਮਾਂ ਪਹਿਲੇ ਗੁਰੂ ਹਰਗੋਬਿੰਦ ਨਗਰ 'ਚ ਇਕ ਡਾਇਮੰਡ ਦੀ ਦੁਕਾਨ 'ਤੇ ਹੋਈ ਡਕੈਤੀ, ਜਿਸ ਨੂੰ ਬਾਅਦ 'ਚ ਪੁਲਸ ਨੇ ਟ੍ਰੇਸ ਕਰ ਲਿਆ ਸੀ, ਦਾ ਸਮਾਂ ਵੀ ਲਗਭਗ ਇਹੀ ਸੀ। ਕੁਝ ਸਾਲ ਪਹਿਲਾਂ ਇਥੇ ਇਕ ਨਿੱਜੀ ਬੈਂਕ ਦੇ ਬਾਹਰ ਲੁੱਟੀ ਗਈ ਕਰੀਬ 35 ਲੱਖ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਕਰੰਸੀ ਦੀ ਡਕੈਤੀ ਵੀ ਰਾਤ ਨੂੰ ਲਗਭਗ ਇਸੇ ਸਮੇਂ 'ਤੇ ਹੋਈ ਸੀ।
ਸ਼ਾਮ ਢਲਦੇ ਹੀ ਪੁਲਸ ਸੁਰੱਖਿਆ ਗਾਇਬ
ਪੁਲਸ ਤੰਤਰ ਮੀਡੀਆ 'ਚ ਜਨਤਾ ਦੀ ਸੁਰੱਖਿਆ ਦੇ ਦਾਅਵੇ ਤਾਂ ਕਰਦਾ ਹੈ ਪਰ ਸ਼ਾਮ ਢਲਦੇ ਹੀ ਪੁਲਸ ਸ਼ਹਿਰ ਦੇ ਬਾਜ਼ਾਰਾਂ, ਗਲੀ ਮੁਹੱਲਿਆਂ ਅਤੇ ਪਾਸ਼ ਇਲਾਕਿਆਂ 'ਚ ਸਥਿਤ ਕਾਲੋਨੀਆਂ ਤੋਂ ਗਾਇਬ ਹੋ ਜਾਂਦੀ ਹੈ। ਇਹ ਉਸ ਦੀ ਉਦਾਹਰਣ ਹੈ ਕਿ ਲੁਟੇਰੇ ਬੇਖੋਫ ਸ਼ਹਿਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਉਂਦੇ ਹਨ। ਸਵਾਲ ਇਹ ਹੈ ਕਿ ਜੇ ਪੁਲਸ ਚੌਕਸ ਹੁੰਦੀ ਤਾਂ ਸ਼ਾਇਦ ਪਿਸਤੌਲਧਾਰੀ ਲੁਟੇਰੇ ਅਸਲੇ ਸਣੇ ਕਿਸੇ ਨਾ ਕਿਸੇ ਨਾਕੇ 'ਤੇ ਫੜੇ ਜਾਂਦੇ ਅਤੇ ਇਹ ਡਕੈਤੀ ਹੋਣ ਤੋਂ ਬਚ ਜਾਂਦੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਫਗਵਾੜਾ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ 'ਚ ਸ਼ਾਮ ਢਲਣ ਤੋਂ ਬਾਅਦ ਕੋਈ ਵੀ ਅਜਿਹਾ ਨਾਕੇ ਬੰਦੀ ਨਹੀਂ ਹੈ, ਜਿੱਥੇ ਪੁਲਸ ਚੈਕਿੰਗ ਹੁੰਦੀ ਹੈ। ਇਸ ਘਟਨਾ ਨੇ ਪੁਲਸ ਦੀ ਪੋਲ ਖੋਲ੍ਹ ਦਿੱਤੀ ਹੈ। ਫਗਵਾੜਾ ਪੁਲਸ ਨੇ ਪਹਿਲਾਂ ਹੁੰਦੀਆਂ ਰਹੀਆਂ ਵੱਡੀਆਂ ਡਕੈਤੀਆਂ ਤੋਂ ਕੁਝ ਨਹੀਂ ਸਿੱਖਿਆ।
ਲੁਟੇਰਿਆਂ ਨੇ ਡਕੈਤੀ ਨੂੰ ਪੂਰੀ ਪਲੈਨਿੰਗ ਨਾਲ ਦਿੱਤਾ ਅੰਜਾਮ
ਡਕੈਤੀ ਨੂੰ ਲੁਟੇਰਿਆਂ ਵੱਲੋਂ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਪੂਰੀ ਰੇਕੀ ਕਰਨ ਤੋਂ ਬਾਅਦ ਹੀ ਅੰਜਾਮ ਦਿੱਤਾ ਹੈ। ਇਸ ਲੜੀ 'ਚ ਸਭ ਤੋਂ ਅਹਿਮ ਗੱਲ ਡਕੈਤੀ ਦੀ ਰਹੀ ਟਾਈਮਿੰਗ ਅਤੇ ਇਸ ਨੂੰ ਅੰਜਾਮ ਦੇਣ ਨੂੰ ਲੈ ਕੇ ਤੰਗ ਇਲਾਕਿਆਂ ਦੀ ਪੈਦਲ ਕੀਤੀ ਗਈ ਰੇਕੀ ਪ੍ਰਮੁੱਖ ਹੈ। ਲੁਟੇਰਿਆਂ ਨੂੰ ਇਹ ਪਤਾ ਸੀ ਕਿ ਪੈਦਲ ਚੱਲ ਕੇ ਡਕੈਤੀ ਨੂੰ ਕਿਸ ਤਰ੍ਹਾਂ ਅੰਜਾਮ ਦੇਣਾ ਹੈ। ਉਨ੍ਹਾਂ ਨੂੰ ਪਤਾ ਸੀ ਦੁਕਾਨ ਨੂੰ ਪੌੜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਇਸ ਨੂੰ ਪਲੈਨ ਦਾ ਹਿੱਸਾ ਬਣਾਇਆ ਅਤੇ ਦੋ ਮੁਲਜ਼ਮ ਦੁਕਾਨ ਤਕ ਗਏ ਤੇਅ ਦੋ ਪੌੜੀਆਂ 'ਤੇ ਖੜ੍ਹੇ ਹੋ ਗਏ। ਉਨ੍ਹਾਂ ਨੂੰ ਪਤਾ ਸੀ ਵਾਰਦਾਤ ਨੂੰ ਅੰਜਾਮ ਦੇ ਕੇ ਉਨ੍ਹਾਂ ਨੂੰ ਪੈਦਲ ਹੀ ਫਰਾਰ ਹੋਣਾ ਹੈ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਦੁਕਾਨ ਅੰਦਰ ਭਾਰੀ ਮਾਤਰਾ 'ਚ ਸੋਨਾ ਪਿਆ ਹੈ। ਸੂਤਰਾਂ ਦੇ ਅਨੁਸਾਰ ਉਕਤ ਕਾਂਡ 'ਚ ਅਜਿਹਾ ਕੋਈ ਵਿਅਕਤੀ ਸ਼ਾਮਲ ਹੈ ਜੋ ਹਰ ਰਾਜ ਦਾ ਭੇਦੀ ਰਿਹਾ ਹੈ ਅਤੇ ਉਸ ਨੂੰ ਇਲਾਕੇ ਅਤੇ ਦੁਕਾਨ 'ਚ ਹੋ ਰਹੀ ਹਰੇਕ ਗਤੀਵਿਧੀ ਦੀ ਪੁਖਤਾ ਤੌਰ 'ਤੇ ਪੂਰੀ ਜਾਣਕਾਰੀ ਸੀ।
ਪੁਲਸ ਨੂੰ ਲੁਟੇਰਿਆਂ ਦੇ ਸਬੰਧ 'ਚ ਕੋਈ ਮੋਬਾਇਲ ਬਰਾਮਦ ਨਹੀਂ ਹੋਇਆ
ਇਸ ਦੌਰਾਨ ਚਰਚਾ ਇਹ ਵੀ ਰਹੀ ਕਿ ਡਕੈਤੀ ਕਾਂਡ ਦੀ ਜਾਂਚ ਕਰ ਰਹੀ ਪੁਲਸ ਟੀਮ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਇਕ ਮੋਬਾਇਲ ਵੀ ਸਥਾਨਕ ਪਲਾਹੀ ਇਲਾਕੇ ਤੋਂ ਬਰਮਾਦ ਹੋਇਆ ਹੈ। ਹਾਲਾਂਕਿ ਇਸ ਦੀ ਪੁਲਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ । ਇਸ ਸਬੰਧੀ ਫਗਵਾੜਾ ਮੰਡਲ ਦੇ ਪੁਲਸ ਇੰਚਾਰਜ ਮਨਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਲੁਟੇਰਿਆਂ ਦੇ ਸਬੰਧ 'ਚ ਕੋਈ ਮੋਬਾਇਲ ਬਰਾਮਦ ਨਹੀਂ ਹੋਇਆ । ਇਸ ਸਬੰਧੀ ਐੱਸ. ਐੱਚ. ਓ. ਵਿਜੇ ਕੁੰਵਰ ਪਾਲ ਨੇ ਕਿਹਾ ਕਿ ਪੁਲਸ ਨੂੰ ਕੋਈ ਮੋਬਾਇਲ ਨਹੀਂ ਮਿਲਿਆ ਤੇ ਨਾ ਹੀ ਕੋਈ ਮੋਬਾਇਲ ਟ੍ਰੇਸ ਹੋਇਆ ਹੈ।
2 ਲੁਟੇਰੇ ਲੰਗੜਾ ਕੇ ਚਲਦੇ ਹਨ, ਪੁਲਸ ਕਰ ਰਹੀ ਹੈ ਜਾਂਚ
ਜਿਨ੍ਹਾਂ ਲੁਟੇਰਿਆਂ 'ਚੋਂ ਦੋ ਲੰਗੜਾ ਕੇ ਚਲਦੇ ਹਨ। ਸੂਤਰਾਂ ਅਨੁਸਾਰ ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਵੀਡੀਓ ਫੁਟੇਜ 'ਚ ਇਹ ਤੱਥ ਉਦੋਂ ਖੁੱਲ੍ਹ ਕੇ ਸਾਹਮਣੇ ਆ ਗਿਆ ਜਦ ਡਕੈਤੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਾਪਸ ਪਲਾਹੀ ਵਲ ਜਾ ਰਹੇ ਚਾਰਾਂ 'ਚੋਂ 2 ਨੂੰ ਪੁਲਸ ਨੇ ਲੰਗੜਾ ਕੇ ਚਲਦੇ ਦੇਖਿਆ। ਮਾਮਲੇ ਦੀ ਪੁਲਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਕ ਹੋਰ ਲੁੱਟ ਨੂੰ ਅੰਜਾਮ ਦੇ ਗਏ 2 ਲੁਟੇਰੇ
ਫਗਵਾੜਾ 'ਚ ਬੰਗਾ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਦਿਨ-ਦਿਹਾੜੇ ਉਦੋਂ ਕੋਹਰਾਮ ਮਚ ਗਿਆ ਜਦ ਦੋ ਲੁਟੇਰਿਆਂ ਨੇ ਵਿਆਹ ਸਮਾਰੋਹ ਦੌਰਾਨ ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਚੋਰੀ ਕਰ ਲਿਆ। ਇਸ ਸਬੰਧੀ ਫਗਵਾੜਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿਚ ਦੋ ਮੋਬਾਇਲ ਫੋਟ ਵੀ ਸੀ ਜਿਨ੍ਹਾਂ ਦੀ ਕੀਮਤ ਹਜ਼ਾਰਾਂ ਰੁਪਏ ਦੱਸੀ ਜਾ ਰਹੀ ਹੈ। ਉਕਤ ਲੁੱਟ 'ਚ ਸ਼ਾਮਲ ਲੁਟੇਰੇ ਦੀ ਫੋਟੋ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਦੱਸੀ ਜਾ ਰਹੀ ਹੈ। ਇਸ ਮੌਕੇ 'ਤੇ ਲੁਟੇਰੇ ਦਾ ਸਾਥੀ ਵੀ ਦੂਰ ਖੜ੍ਹਾ ਦਿਖਾਈ ਦੇ ਰਿਹਾ ਹੈ।
ਸੰਗਰੂਰ ਸਮੇਤ 6 ਜ਼ਿਲਿਆਂ 'ਚ ਵਨ ਸਟਾਪ ਸੈਂਟਰ ਸਥਾਪਤ ਕਰਨ ਲਈ 2.30 ਕਰੋੜ ਰੁਪਏ ਜਾਰੀ
NEXT STORY