ਜਲੰਧਰ (ਕਮਲੇਸ਼, ਸੋਨੂੰ)— ਜਲੰਧਰ ਦੇ ਗੋਪਾਲ ਨਗਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਥੇ ਇਕ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਚੱਲਣ ਕਰਕੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਜ਼ਖਮੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਪਤੀ-ਪਤਨੀ ਦੇ ਝਗੜੇ ਦੌਰਾਨ ਕਿਸੇ ਤੀਜੇ ਵਿਅਕਤੀ ਵੱਲੋਂ ਚਲਾਈ ਗਈ, ਜੋਕਿ ਪ੍ਰਹਿਲਾਦ ਨਾਂ ਦੇ ਵਿਅਕਤੀ ਦੀ ਲੱਤ 'ਚ ਲੱਗੀ।
ਮਿਲੀ ਜਾਣਕਾਰੀ ਮੁਤਾਬਕ ਗੋਪਾਲ ਨਗਰ 'ਚ ਰਹਿੰਦੇ ਪ੍ਰਹਿਲਾਦ ਅਤੇ ਉਸ ਦੀ ਪਤਨੀ ਕਿਰਨ ਵਿਚ ਘਰ ਦੇ ਬਾਹਰ ਝਗੜਾ ਹੋ ਰਿਹਾ ਸੀ, ਇਸ ਦੌਰਾਨ ਕਥਿਤ ਮੀਡੀਆ ਕਰਮੀ ਗੁਰਦੀਪ ਆਪਣੀ ਪਤਨੀ ਨਾਲ ਬਾਈਕ 'ਤੋਂ ਲੰਘ ਰਿਹਾ ਸੀ। ਝਗੜਾ ਹੁੰਦਾ ਦੇਖ ਗੁਰਦੀਪ ਨੇ ਬਾਈਕ ਰੋਕ ਲਈ, ਦਰਅਸਲ ਝਗੜੇ ਦੌਰਾਨ ਕਿਰਨ ਥਾਣੇ 'ਚ ਪ੍ਰਹਿਲਾਦ ਦੀ ਸ਼ਿਕਾਇਤ 'ਤੇ ਅੜੀ ਹੋਈ ਸੀ। ਗੁਰਦੀਪ ਬਿਨਾਂ ਜਾਣ-ਪਛਾਣ ਦੇ ਪ੍ਰਹਿਲਾਦ ਤੇ ਕਿਰਨ ਦੇ ਝਗੜੇ 'ਚ ਵੜ ਗਿਆ ਅਤੇ ਕਿਰਨ ਨੂੰ ਕਹਿਣ ਲੱਗਾ ਕਿ ਉਹ ਚਿੰਤਾ ਨਾ ਕਰਨ ਉਹ ਉਸ ਥਾਣੇ ਲੈ ਜਾਵੇਗਾ। ਪ੍ਰਹਿਲਾਦ ਨੇ ਇਸ ਗੱਲ ਦਾ ਵਿਰੋਧ ਕੀਤਾ। ਦੇਖਦੇ ਹੀ ਦੇਖਦੇ ਪ੍ਰਹਿਲਾਦ ਅਤੇ ਗੁਰਦੀਪ ਗੁੱਥਮ-ਗੁੱਥੀ ਹੋ ਗਏ ਅਤੇ ਅਚਾਨਕ ਗੁਰਦੀਪ ਨੇ ਆਪਣਾ ਡੱਬ 'ਚੋਂ ਪਿਸਤੌਲ ਕੱਢ ਕੇ ਪ੍ਰਹਿਲਾਦ ਦੀ ਲੱਤ 'ਤੇ ਚਲਾ ਦਿੱਤੀ। ਗੋਲੀ ਲੱਗਣ ਨਾਲ ਪ੍ਰਹਿਲਾਦ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਾਇਆ।
ਗੋਲੀ ਚੱਲਣ ਦੀ ਸੂਚਨਾ ਪੂਰੇ ਸ਼ਹਿਰ 'ਚ ਅੱਗ ਦੀ ਤਰ੍ਹਾਂ ਫੈਲ ਗਈ। ਸਿਵਲ 'ਚ ਡੀ.ਸੀ.ਪੀ. ਬਲਕਾਰ ਸਿੰਘ ਤੇ ਹੋਰ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ। ਜਿਸ ਤੋਂ ਬਾਅਦ ਥਾਣਾ ਨੰ. 2 ਦੇ ਇੰਚਾਰਜ ਕੰਵਰਜੀਤ ਸਿੰਘ ਨੂੰ ਦੋਸ਼ੀ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਦੋਸ਼ੀ ਨੌਜਵਾਨ ਗੁਰਦੀਪ ਸਿੰਘ ਪੁੱਤਰ ਪ੍ਰੇਮਨਾਥ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਵੀ ਅਪਰਾਧਿਕ ਸਰਗਰਮੀਆਂ 'ਚ ਸ਼ਾਮਲ ਰਹਿ ਚੁੱਕਾ ਹੈ ਅਤੇ ਉਸ 'ਤੇ ਥਾਣਾ ਨੰ. 1 'ਚ ਮਾਮਲਾ ਦਰਜ ਹੋਇਆ ਸੀ ਅਤੇ ਇਸ ਮਾਮਲੇ 'ਚ ਦੋਸ਼ੀ ਜੇਲ ਦੀ ਵੀ ਹਵਾ ਕੱਟ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਕੁਝ ਸਮਾਂ ਪਹਿਲਾਂ ਹੀ ਵੈਪਨ ਖਰੀਦਿਆ ਸੀ। ਪੁਲਸ ਦੋਸ਼ੀ ਦੀ ਹਿਸਟਰੀ ਖੰਗਾਲਣ 'ਚ ਲੱਗੀ ਹੋਈ ਹੈ।
ਨਾਭਾ ਮਲੇਰਕੋਟਲਾ ਰੋਡ 'ਤੇ ਟਰੇਡ ਯੂਨੀਅਨਸ ਵਲੋਂ ਜ਼ੋਰਦਾਰ ਪ੍ਰਦਰਸ਼ਨ
NEXT STORY